ਪਾਕਿਸਤਾਨੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਪੰਜਾਬ ਪੁਲਸ : ਮਾਨ

0
2

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਹਰ ਰੋਜ਼ ਪਾਕਿਸਤਾਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਡਰੋਨਾਂ ਦੀ ਘੁਸਪੈਠ ਰਾਹੀਂ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਘੜੇ ਜਾ ਰਹੇ ਨਾਪਾਕ ਮਨਸੂਬਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾ ਕਿਹਾ ਕਿ ਪੰਜਾਬ ਪੁਲਸ ਕੌਮਾਂਤਰੀ ਸਰਹੱਦ ਦੀ ਰਾਖੀ ਲਈ ਡਟ ਕੇ ਪਹਿਰਾ ਦੇ ਰਹੀ ਹੈ ਅਤੇ ਪੰਜਾਬ ਪੁਲਸ ਸਿਰਫ ਪੰਜਾਬ ਦੀ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦੀ ਪੁਲਸ ਹੈ, ਜੋ ਆਪਣਾ ਫਰਜ਼ ਨਿਭਾਅ ਰਹੀ ਹੈ।ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਮਾਨ ਨੇ ਪੀ.ਏ.ਪੀ. ਗਰਾਊਂਡ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ 2,577 ਨਵੇਂ ਪੁਲਸ ਜਵਾਨਾਂ ਨੂੰ ਰਸਮੀ ਤੌਰ ’ਤੇ ਪੰਜਾਬ ਪੁਲਸ ਵਿੱਚ ਸ਼ਾਮਲ ਕਰਵਾਇਆ।ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਤੋਂ ਲੈ ਕੇ ਹੁਣ ਤੱਕ 12,010 ਤੋਂ ਵੱਧ ਪੁਲਸ ਜਵਾਨ ਨਿਯੁਕਤ ਕੀਤੇ ਗਏ ਹਨ, ਵਿਗਿਆਨਕ ਲੀਹਾਂ ’ਤੇ ਫੋਰਸ ਨੂੰ ਅੱਪਗ੍ਰੇਡ ਕਰਨ ਲਈ 1100 ਕਰੋੜ ਰੁਪਏ ਰੱਖੇ ਗਏ ਹਨ ਅਤੇ ਸਾਈਬਰ ਅਪਰਾਧ, ਅੱਤਵਾਦ ਅਤੇ ਨਸ਼ਿਆਂ ਦਾ ਟਾਕਰਾ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਵਿਸ਼ੇਸ਼ ਤਕਨੀਕੀ ਯੂਨਿਟ ਅਤੇ ਮਜ਼ਬੂਤ ਐਂਟੀ-ਨਾਰਕੋਟਿਕਸ ਟਾਸਕ ਫੋਰਸ ਸਮੇਤ ਅਤਿ-ਆਧੁਨਿਕ ਕਦਮ ਚੁੱਕੇ ਜਾ ਰਹੇ ਹਨ।
‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ 50,238 ਗਿ੍ਰਫ਼ਤਾਰੀਆਂ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਬਚਾਈਆਂ ਗਈਆਂ 46,399 ਜ਼ਿੰਦਗੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਰਿਕਾਰਡ ਭਰਤੀ, ਤੇਜ਼ੀ ਨਾਲ ਤਕਨੀਕੀ ਅਪਗ੍ਰੇਡੇਸ਼ਨ ਅਤੇ ਅਪਰਾਧ ਵਿਰੁੱਧ ਬੇਮਿਸਾਲ ਕਾਰਵਾਈ ਹੋ ਰਹੀ ਹੈ, ਜੋ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਦੇ ਦਿ੍ਰੜ੍ਹ ਸੰਕਲਪ ਦੀ ਗਵਾਹੀ ਭਰਦੀ ਹੈ।
ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਪਰੇਡ ਦਾ ਵਿਆਪਕ ਨਿਰੀਖਣ ਕੀਤਾ, ਮਾਰਚਿੰਗ ਟੁਕੜੀਆਂ ਦਾ ਨੇੜਿਓਂ ਜਾਇਜ਼ਾ ਲਿਆ ਅਤੇ ਕਾਰਵਾਈ ਦੀ ਨਿਗਰਾਨੀ ਕਰ ਰਹੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਨਵ-ਨਿਯੁਕਤ ਪੁਲਸ ਜਵਾਨਾਂ ਵੱਲੋਂ ਦਿਖਾਏ ਗਏ ਅਨੁਸ਼ਾਸਨ, ਤਾਲਮੇਲ ਅਤੇ ਉੱਚ ਮਿਆਰਾਂ ਦੀ ਸ਼ਲਾਘਾ ਕਰਦਿਆਂ ਰਸਮੀ ਸਲਾਮੀ ਲਈ।ਮੁੱਖ ਮੰਤਰੀ ਨੇ ਸਿਖਲਾਈ ਦੌਰਾਨ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ, ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸਿਖਿਆਰਥੀਆਂ ਅਤੇ ਕੈਡਿਟਾਂ ਨੂੰ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਵੀ ਵੰਡੇ।ਇਸ ਸਮਾਗਮ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਪਾਸਿੰਗ ਆਊਟ ਪਰੇਡ ਰਾਹੀਂ ਇਸ ਸਮਾਗਮ ਨੂੰ ਨਵ-ਨਿਯੁਕਤ ਪੁਲਸ ਜਵਾਨਾਂ, ਉਨ੍ਹਾਂ ਦੇ ਪਰਵਾਰਾਂ ਅਤੇ ਸਮੁੱਚੀ ਪੰਜਾਬ ਪੁਲਸ ਲਈ ਮਾਣਮੱਤਾ ਅਤੇ ਯਾਦਗਾਰੀ ਪਲ ਬਣਾਇਆ ਗਿਆ।