ਪਾਤੜਾਂ, (ਭੁਪਿੰਦਰਜੀਤ ਮੌਲਵੀਵਾਲਾ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ, ਵਿੱਦਿਆ ਦਾਨੀ ਅਤੇ ਸ਼ੇਰੇ ਪੰਜਾਬ ਗਰੁੱਪ ਲੁਧਿਆਣਾ ਦੇ ਮਾਲਕ ਸਵਰਗੀ ਸੱਤਪਾਲ ਸਿੰਗਲਾ (ਸਾਬਕਾ ਸਰਪੰਚ) ਨਮਿਤ ਸ਼ਰਧਾਂਜਲੀ ਸਮਾਰੋਹ ਪ੍ਰਾਚੀਨ ਸ਼ਿਵ ਮੰਦਰ ਦੇ ਸਿਉਵੰਤੀ ਹਾਲ ਵਿਖੇ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਰਾਜਨੀਤਕ, ਧਾਰਮਕ ਤੇ ਸਮਾਜਕ ਸ਼ਖਸੀਅਤਾਂ ਨੇ ਪਹੁੰਚ ਕੇ ਸਵਰਗੀ ਸਿੰਗਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਦੀ ਵਿਲੱਖਣਤਾ ਇਹ ਰਹੀ ਕਿ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਨੂੰ ਵਿੱਛੜੀ ਹੋਈ ਰੂਹ ਦੀ ਯਾਦ ’ਚ ਪ੍ਰਸ਼ਾਦ ਦੇ ਰੂਪ ਵਿੱਚ ਫਲਦਾਰ ਬੂਟੇ ਵੰਡੇ ਗਏ।
ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਸਵਰਗੀ ਸੱਤਪਾਲ ਸਿੰਗਲਾ ਜਿਥੇ ਇੱਕ ਸਫਲ ਬਿਜ਼ਨੈੱਸਮੈਨ ਸਨ, ਉਥੇ ਸਮਾਜ ਸੇਵੀ ਅਤੇ ਵਿੱਦਿਆ ਦਾਨੀ ਸਨ। ਮਹਾਨ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਹਰਪਾਲ ਸਿੰਘ ਘੱਗਾ ਦੀ ਉਂਗਲ ਫੜ ਕੇ ਸਮਾਜ ਸੇਵਾ ਦੇ ਖੇਤਰ ਵਿਚ ਤੁਰੇ ਸਵਰਗੀ ਸਿੰਗਲਾ ਦਾ ਜੀਵਨ ਅੱਜ ਦੇ ਸਮੇਂ ਦੌਰਾਨ ਰਾਹ-ਦਸੇਰਾ ਹੈ। ਸਿਆਸਤ ਪੱਖੋਂ ਉਹ ਕਾਂਗਰਸ ਪਾਰਟੀ ਨਾਲ ਸੰਬੰਧਤ ਸਨ, ਪਰ ਸਮਾਜ ਸੇਵਾ ਉਨ੍ਹਾ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਸੀ।
ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਨੇ ਕਿਹਾ ਕਿ ਸਵਰਗੀ ਸੱਤਪਾਲ ਸਿੰਗਲਾ ਵਿੱਚ ਸੱਚ ਕਹਿਣ ਦੀ ਹਿੰਮਤ ਸੀ। ਅਕਸਰ ਪੰਚਾਇਤਾਂ ਵਿਚ ਕਈ ਲੋਕ ਆਪਣੀ ਧਿਰ ਦਾ ਪੱਖ ਪੂਰਦੇ ਹਨ, ਪਰ ਉਨ੍ਹਾ ਕਦੇ ਅਜਿਹਾ ਨਹੀਂ ਸੀ ਕੀਤਾ। ਦੱਸਣਯੋਗ ਹੈ ਕਿ ਸਵਰਗੀ ਸਤਪਾਲ ਸਿੰਗਲਾ ਸਮਾਜ ਸੇਵੀ ਸੰਸਥਾ ਵਜੋਂ ਕੰਮ ਕਰ ਰਹੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਦੇ ਲੰਮਾ ਸਮਾਂ ਪ੍ਰਧਾਨ ਰਹੇ ਹਨ। ਸ਼ਰਧਾਂਜਲੀ ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਐੱਸ ਜੀ ਪੀ ਸੀ ਮੈਂਬਰ ਨਿਰਮਲ ਸਿੰਘ ਹਰਿਆਓ, ਸੇਵਾ-ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਇੰਦਰਪਾਲ ਸਿੰਘ ਸੰਧੂ, ਭਾਜਪਾ ਆਗੂ ਨਰੈਣ ਸਿੰਘ ਨਰਸੌਤ, ਰਮੇਸ਼ ਕੁਮਾਰ ਕੁੱਕੂ, ਜੀਵਨ ਗੋਇਲ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ, ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਨਰਿੰਦਰ ਸਿੰਗਲਾ, ਵਿਨੋਦ ਕੁਮਾਰ ਜਿੰਦਲ, ਸੁਰਿੰਦਰ ਕੁਮਾਰ ਪੈਂਦ ਅਤੇ ਸਾਬਕਾ ਸਰਪੰਚ ਹਰਚਰਨ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪਰਵਾਰ ਵੱਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਾਮਝੇੜੀ ਨੂੰ ਇਕ ਲੱਖ ਰੁਪਏ, ਸ੍ਰੀ ਗੋਪਾਲ ਗਊਸ਼ਾਲਾ ਪਾਤੜਾਂ ਨੂੰ ਇਕਵੰਜਾ ਹਜ਼ਾਰ ਰੁਪਏ ਅਤੇ ਪਿੰਡ ਹਾਮਝੇੜੀ ਦੇ ਸ਼ਮਸ਼ਾਨਘਾਟ ਲਈ ਫਰੀਜਰ ਦਾਨ ਕੀਤਾ ਗਿਆ।





