ਰਿਸ਼ੀਕੇਸ਼ : 19 ਸਾਲਾ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ, ਜਿਸ ਦੇ ਕਤਲ ਤੋਂ ਬਾਅਦ ਉੱਤਰਾਖੰਡ ਵਿਚ ਜ਼ੋਰਦਾਰ ਪ੍ਰੋਟੈੱਸਟ ਹੋਏ ਹਨ, ਦਾ ਪਰਵਾਰ ਐਤਵਾਰ ਉਸ ਦਾ ਅੰਤਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ। ਪਹਿਲਾਂ ਉਸ ਨੇ ਇਹ ਕਹਿ ਕੇ ਸਸਕਾਰ ਤੋਂ ਇਨਕਾਰ ਕਰ ਦਿੱਤਾ ਸੀ ਕਿ ਸੀਨੀਅਰ ਭਾਜਪਾ ਆਗੂ ਦੇ ਪੁੱਤਰ ਨੂੰ ਬਚਾਉਣ ਲਈ ਸਬੂਤ ਮਿਟਾਉਣ ਖਾਤਰ ਉਸ ਦੇ ਰਿਜ਼ਾਰਟ ਨੂੰ ਢਾਹ ਦਿੱਤਾ ਗਿਆ। ਮਾਮਲੇ ਨੂੰ ਲੈ ਕੇ ਲੋਕਾਂ ਨੇ ਸ੍ਰੀਨਗਰ-ਕੇਦਾਰਨਾਥ ਹਾਈਵੇ ਜਾਮ ਰੱਖਿਆ। ਅੰਕਿਤਾ ਭੰਡਾਰੀ ਦੀ ਆਰਜ਼ੀ ਪੋਸਟ-ਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਉਸ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ। ਉਸ ਨੂੰ ਪਾਣੀ ਵਿਚ ਧੱਕਾ ਦੇਣ ਤੋਂ ਪਹਿਲਾਂ ਭਾਰੀ ਚੀਜ਼ ਨਾਲ ਸੱਟ ਮਾਰੀ ਗਈ ਸੀ, ਜਿਸ ਦੇ ਸਰੀਰ ’ਤੇ ਨਿਸ਼ਾਨ ਵੀ ਮਿਲੇ ਹਨ। ਹਾਲਾਂਕਿ ਰਿਪੋਰਟ ’ਚ ਜਬਰ-ਜ਼ਨਾਹ ਦਾ ਜ਼ਿਕਰ ਨਹੀਂ। ਅੰਕਿਤਾ ਦੇ ਪਰਵਾਰ ਨੇ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਸੀ, ਪਰ ਪੌੜੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਾਂਹ ਕਰਦਿਆਂ ਕਿਹਾ ਕਿ ਸੀਲਬੰਦ ਰਿਪੋਰਟ ਅਦਾਲਤ ਵਿਚ ਹੀ ਪੇਸ਼ ਕੀਤੀ ਜਾਵੇਗੀ।
ਦੋਸ਼ ਹੈ ਕਿ ਰਿਜ਼ਾਰਟ ਮਾਲਕ ਤੇ ਭਾਜਪਾ ਆਗੂ ਦੇ ਪੁੱਤਰ ਪੁਲਕਿਤ ਆਰੀਆ ਤੇ ਦੋ ਹੋਰਨਾਂ ਨੇ ਅੰਕਿਤਾ ਨੂੰ ਇਸ ਕਰਕੇ ਮਾਰ ਦਿੱਤਾ ਕਿ ਉਹ ਬੁਰਦਾਫਰੋਸ਼ੀ ਲਈ ਰਾਜ਼ੀ ਨਹੀਂ ਹੋਈ। ਸ਼ੁਰੂ ਵਿਚ ਉਸ ਦੇ ਲਾਪਤਾ ਹੋਣ ਦੀ ਗੱਲ ਕਹੀ ਗਈ ਸੀ, ਪਰ ਬਾਅਦ ਵਿਚ ਸ਼ਨੀਵਾਰ ਉਸ ਦੀ ਲਾਸ਼ ਰਿਸ਼ੀਕੇਸ਼ ਦੀ ਚਿੱਲਾ ਨਹਿਰ ਵਿੱਚੋਂ ਮਿਲ ਗਈ ਸੀ। ਮਾਮਲੇ ਵਿਚ ਭਾਜਪਾ ਵਿੱਚੋਂ ਕੱਢ ਦਿੱਤੇ ਗਈ ਵਿਨੋਦ ਆਰੀਆ ਦੇ ਪੁੱਤਰ ਪੁਲਕਿਤ ਆਰੀਆ, ਰਿਜ਼ਾਰਟ ਦੇ ਮੈਨੇਜਰ ਸੌਰਭ ਭਾਸਕਰ ਤੇ ਅਸਿਸਟੈਂਟ ਮੈਨੇਜਰ ਅੰਕਿਤ ਗੁਪਤਾ ਨੂੰ ਪੁਲਸ ਗਿ੍ਰਫਤਾਰ ਕਰ ਚੁੱਕੀ ਹੈ। ਅੰਕਿਤਾ ਆਖਰੀ ਵਾਰ ਇਨ੍ਹਾਂ ਤਿੰਨਾਂ ਨਾਲ ਨਜ਼ਰ ਆਈ ਸੀ। ਬਦਖੋਈ ਹੋਣ ਤੋਂ ਬਾਅਦ ਭਾਜਪਾ ਨੇ ਮੰਤਰੀ ਰੈਂਕ ਵਿਚ ਸਟੇਟ ਬੋਰਡ ਦੇ ਚੇਅਰਮੈਨ ਰਹੇ ਵਿਨੋਦ ਆਰੀਆ ਤੇ ਉਸ ਦੇ ਭਰਾ ਅੰਕਿਤ ਆਰੀਆ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਹਾਲਾਂਕ ਆਰੀਆ ਨੇ ਦਾਅਵਾ ਕੀਤਾ ਕਿ ਉਸ ਨੇ ਨਿਰਪੱਖ ਜਾਂਚ ਲਈ ਖੁਦ ਹੀ ਪਾਰਟੀ ਛੱਡੀ। ਉਸ ਨੇ ਇਹ ਵੀ ਕਿਹਾ ਕਿ ਪੁਲਕਿਤ ਉਨ੍ਹਾ ਨਾਲ ਨਹੀਂ ਰਹਿੰਦਾ।
ਆਪੋਜ਼ੀਸ਼ਨ ਨੇ ਪੁਲਸ ’ਤੇ ਢਿੱਲੀ ਜਾਂਚ ਦਾ ਦੋਸ਼ ਲਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੋਸ਼ੀਆਂ ਨੂੰ ਬਚਾਉਣ ਲਈ ਫਟਾਫਟ ਰਿਜ਼ਾਰਟ ਢਾਹੁਣ ਦੇ ਹੁਕਮ ਦੇ ਦਿੱਤੇ, ਤਾਂ ਜੋ ਸਬੂਤ ਮਿਟਾਏ ਜਾ ਸਕਣ। ਉਧਰ, ਸੂਬਾ ਪੁਲਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਰਿਜ਼ਾਰਟ ਵਾਲਾ ਇਲਾਕਾ ਰੈਗੂਲਰ ਪੁਲਸ ਦੇ ਘੇਰੇ ਵਿਚ ਨਹੀਂ ਆਉਦਾ। ਪਹਿਲਾਂ ਐੱਫ ਆਈ ਆਰ ਦਰਜ ਕਰਨ ਦੀ ਕਾਰਵਾਈ ਮਾਲ ਅਧਿਕਾਰੀਆਂ ਨੇ ਕਰਨੀ ਸੀ। ਸੂਬੇ ਵਿਚ ਸਿਸਟਮ ਅਜਿਹਾ ਹੈ।
ਸੂਬਾ ਪੁਲਸ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਅਤੇ ਅੰਕਿਤਾ ਦੇ ਮੋਬਾਇਲ ਤੋਂ ਹੋਈ ਚੈਟਿੰਗ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ’ਤੇ ਰਿਜ਼ਾਰਟ ਦੇ ਗੈੱਸਟਾਂ ਨੂੰ ‘ਸਪੈਸ਼ਲ ਸਰਵਿਸ’ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਉਹ ਵਿਰੋਧ ਕਰ ਰਹੀ ਸੀ। ਲਾਪਤਾ ਹੋਣ ਤੋਂ ਇਕ ਦਿਨ ਪਹਿਲਾਂ ਉਸ ਨੇ ਆਪਣੇ ਕਰੀਬੀ ਦੋਸਤ ਨੂੰ ਵਟਸਐਪ ਮੈਸੇਜ ਵਿਚ ਆਪਣੀ ਵਿਥਿਆ ਬਿਆਨ ਕੀਤੀ ਸੀ। ਉਸ ਨੇ ਮੈਸੇਜ ਵਿਚ ਕਿਹਾ ਸੀ ਕਿ ਉਹ ਉਸ ਨੂੰ ਵੇਸਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਬਹਿਸ ਹੋਣ ਤੋਂ ਬਾਅਦ ਤਿੰਨ ਜਣਿਆਂ ਨੇ ਉਸ ਨੂੰ ਕੁੱਟ ਕੇ ਨਹਿਰ ਵਿਚ ਸੁੱਟ ਦਿੱਤਾ। ਇਸ ਤੋਂ ਪਹਿਲਾਂ ਉਸ ਦੇ ਇਕ ਫੇਸਬੁਕ ਫਰੈਂਡ ਨੇ ਕਿਹਾ ਸੀ ਕਿ ਉਸ ਨੂੰ ਇਸ ਕਰਕੇ ਮਾਰਿਆ ਗਿਆ, ਕਿਉਕਿ ਉਸ ਨੇ 10 ਹਜ਼ਾਰ ਰੁਪਏ ਲੈ ਕੇ ਗੈੱਸਟਾਂ ਨਾਲ ਸੈਕਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


