ਮੋਹਾਲੀ : ਪੰਜਾਬ ਵਿੱਚ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000-1500 ਰੁਪਏ ਦਿੱਤੇ ਜਾਣ ਸੰਬੰਧੀ ਵਿਧਾਇਕ ਸੁਖਪਾਲ ਖਹਿਰਾ ਦੀ ਪੋਸਟ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਇਸ ਸੰਬੰਧੀ ਵੀਰਵਾਰ ਨੂੰ ਖਹਿਰਾ ਦਾ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਤੇ ਐਡਵੋਕੇਟ ਕੰਵਰ ਸਿੱਧੂ ਸਵੇਰੇ 11.10 ਵਜੇ ਦੇ ਕਰੀਬ ਮੋਹਾਲੀ ਵਿਖੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ। ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਤੋਂ ਇੱਕ ਹਫ਼ਤੇ ਦਾ ਸਮਾਂ ਜਵਾਬ ਦੇਣ ਲਈ ਮੰਗਿਆ ਗਿਆ ਹੈ। ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਐੱਸ ਐੱਸ ਪੀ ਕਪੂਰਥਲਾ ਨੂੰ ਨੋਟਿਸ ਭੇਜ ਕੇ ਵਿਧਾਇਕ ਖਹਿਰਾ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ, ਜਦ ਕਿ ਵਿਧਾਇਕ ਖਹਿਰਾ ਨੂੰ ਸਿੱਧਾ ਕੋਈ ਨੋਟਿਸ ਨਹੀਂ ਭੇਜਿਆ ਗਿਆ। ਉਨ੍ਹਾ ਕਿਹਾ ਕਿ ਉਹ ਸਿਰਫ ਸੋਸ਼ਲ ਮੀਡੀਆ ’ਤੇ ਜਾਰੀ ਨੋਟਿਸ ਨੂੰ ਪੜ੍ਹ ਕੇ ਅੱਜ ਪੱਖ ਰੱਖਣ ਲਈ ਆਏ ਹਨ। ਵਕੀਲਾਂ ਨੇ ਦਾਅਵਾ ਕੀਤਾ ਕਿ ਮਹਿਲਾ ਕਮਿਸ਼ਨ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਹਫਤੇ ਦਾ ਸਮਾਂ ਆਪਣਾ ਜਵਾਬ ਦਾਖਲ ਕਰਨ ਲਈ ਦਿੱਤਾ ਗਿਆ ਹੈ।




