ਤਹਿਰਾਨ : ਈਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਾਮਨੇਈ ਨੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੋਰਮੁਜ਼ ਜਲ ਮਾਰਗ ਨੂੰ ਦਬਾਅ ਬਣਾਉਣ ਲਈ ਹਾਲ ਦੀ ਘੜੀ ਬੰਦ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਾੜੀ ਦੇ ਅਰਬ ਗੁਆਂਢੀ ਦੇਸ਼ਾਂ ’ਤੇ ਇਰਾਨ ਦੇ ਹਮਲੇ ਜਾਰੀ ਰਹਿਣਗੇ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਬਿਆਨ ਵੀਰਵਾਰ ਨੂੰ ਸਰਕਾਰੀ ਟੈਲੀਵਿਜ਼ਨ ’ਤੇ ਇੱਕ ਨਿਊਜ਼ ਐਂਕਰ ਵਲੋਂ ਪੜ੍ਹ ਕੇ ਸੁਣਾਇਆ ਗਿਆ।
ਈਰਾਨ ਨੇ ਦੁਬਈ ਦੇ ਤੱਟ ’ਤੇ ਇੱਕ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਬਹਿਰੀਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਗ ਲਗਾਈ, ਇੱਕ ਡਰੋਨ ਹਮਲੇ ਨਾਲ ਸਾਊਦੀ ਅਰਬ ਦੇ ਇੱਕ ਵੱਡੇ ਤੇਲ ਖੇਤਰ ਨੂੰ ਨਿਸ਼ਾਨਾ ਬਣਾਇਆ ਅਤੇ ਫਾਰਸ ਦੀ ਖਾੜੀ ਵਿੱਚ ਬਸਰਾ ਬੰਦਰਗਾਹ ’ਤੇ ਹਮਲੇ ਤੋਂ ਬਾਅਦ ਇਰਾਕ ਨੂੰ ਦੇਸ਼ ਦੇ ਸਾਰੇ ਤੇਲ ਟਰਮੀਨਲਾਂ ’ਤੇ ਕੰਮ ਰੋਕਣ ਲਈ ਮਜਬੂਰ ਕਰ ਦਿੱਤਾ ਹੈ।



