ਸ਼ਾਹ ਪੰਜਾਬ ਦੇ ਰੋਕੇ 9000 ਕਰੋੜ ਦਾ ਹਿਸਾਬ ਦੇਣ : ਧਾਲੀਵਾਲ

0
3

ਅੰਮ੍ਰਿਤਸਰ/ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੋਗਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ’ਤੇ ਤਿੱਖਾ ਹਮਲਾ ਬੋਲਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਕਦਮ ਰੱਖਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਕਰੋੜ ਰੁਪਏ ਦਾ ਹਿਸਾਬ ਦੇਣਾ ਚਾਹੀਦਾ ਹੈ, ਜੋ ਕੇਂਦਰ ਸਰਕਾਰ ਨੇ ਰੋਕ ਕੇ ਰੱਖੇ ਹੋਏ ਹਨ।ਸ਼ਨੀਵਾਰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ, ਪੰਜਾਬ ਦੀ ਤਰੱਕੀ ਦੇ 8300 ਕਰੋੜ ਜੋ ਹੁਣ ਵਧ ਕੇ 9000 ਕਰੋੜ ਰੁਪਏ ਹੋ ਗਏ ਹਨ, ਕੇਂਦਰ ਸਰਕਾਰ ਦਬਾਈ ਬੈਠੀ ਹੈ। ਧਾਲੀਵਾਲ ਨੇ ਕਿਹਾ ਕਿ ਜੀ ਐੱਸ ਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਜੋ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਕੇਂਦਰ ਸਰਕਾਰ ਉਸ ਦੀ ਭਰਪਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਮਿਤ ਸ਼ਾਹ ਪੰਜਾਬ ਦੇ ਰੁਕੇ ਹੋਏ ਜੀ ਐੱਸ ਟੀ ਫੰਡ ਤੁਰੰਤ ਮੁਹੱਈਆ ਕਰਵਾਉਣ ਦਾ ਐਲਾਨ ਕਰਨ। ਪ੍ਰਧਾਨ ਮੰਤਰੀ ਮੋਦੀ ਖੁਦ ਦੌਰਾ ਕਰਨ ਆਏ ਸਨ ਅਤੇ ਉਨ੍ਹਾ 1600 ਕਰੋੜ ਰੁਪਏ ਦੀ ਟੋਕਨ ਮਨੀ ਦੇਣ ਦਾ ਵਾਅਦਾ ਕੀਤਾ ਸੀ। ਅੱਜ 8 ਮਹੀਨੇ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਜਨਤਾ ਨੂੰ ਫੁੱਟੀ ਕੌਡੀ ਨਹੀਂ ਮਿਲੀ। ਦੇਸ਼ ਦੇ ਇਤਿਹਾਸ ਵਿੱਚ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜੋ ਆਪਦਾ ਪੀੜਤਾਂ ਨਾਲ ਵੀ ਝੂਠ ਬੋਲ ਕੇ ਮੁੱਕਰ ਗਏ।