ਨਸ਼ਾ ਭਾਜਪਾ ਦੀ ਸਤਾ ਵਾਲੇ ਰਾਜਾਂ ਤੋਂ ਆਉਂਦਾ : ਅਮਨ ਅਰੋੜਾ

0
2

ਚੰਡੀਗੜ੍ਹ : ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸ਼ਨੀਵਾਰ ਚੰਡੀਗੜ੍ਹ ’ਚ ਪੰਜਾਬ ਭਵਨ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ| ਉਹਨਾ ਕਿਹਾ ਕਿ ਅਮਿਤ ਸ਼ਾਹ ਜੀ ਪੰਜਾਬ ਦੇ ਵਾਸੀਆਂ ਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦਾ ਜੋ ਆਰ ਡੀ ਐੱਫ 8300 ਕਰੋੜ ਰੁਪਿਆ ਕੇਂਦਰ ਸਰਕਾਰ ਰੋਕੀ ਬੈਠੀ ਹੈ, ਕੀ ਉਹ ਅੱਜ ਦੇ ਕੇ ਜਾਣਗੇ ਜਾਂ ਕੋਈ ਇਸ ਸੰਬੰਧੀ ਹੋਰ ਜੁਮਲਾ ਛੱਡ ਕੇ ਵਾਪਸ ਪਰਤਣਗੇ| ਇਸ ਦੇ ਨਾਲ ਹੀ ਅਰੋੜਾ ਨੇ ਜੀ ਐੱਸ ਟੀ ਦੇ ਮੁੱਦੇ ’ਤੇ ਵੀ ਸਵਾਲ ਖੜੇ ਕੀਤੇ, ਜਿਸ ਨਾਲ ਪੰਜਾਬ ਦਾ 6000 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਜਾਣ| ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਦੀ ਹੜ੍ਹਾਂ ਦੀ ਫੇਰੀ ਦੌਰਾਨ ਪੰਜਾਬ ਨੂੰ 1600 ਕਰੋੜ ਦੇਣ ਦੀ ਗੱਲ ਕਹੀ ਸੀ ਕਿ ਉਹ ਚੈੱਕ ਅੱਜ ਅਮਿਤ ਸ਼ਾਹ ਜੀ ਲੈ ਕੇ ਆ ਰਹੇ ਹਨ| ਅਰੋੜਾ ਨੇ ਇਸ ਬਾਰੇ ਖੁਲਾਸਾ ਕੀਤਾ ਕਿ ਪੰਜਾਬ ਨੂੰ 1600 ਕਰੋੜ ਵਿਚੋਂ 16 ਰੁਪਏ ਤੱਕ ਵੀ ਨਹੀਂ ਮਿਲੇ| ਉਨ੍ਹਾ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਉੱਥੇ ਇੰਡਸਟਰੀ ਲਈ ਸਹੂਲਤਾਂ ਦਿੱਤੀਆਂ, ਉਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਉਥੇ ਇੰਡਸਟਰੀ ਲਗਾਈ, ਜਿਸ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਸੰਬੰਧ ਵਿਚ ਕੋਈ ਰਾਹਤ ਨਹੀਂ ਦਿੱਤੀ|
ਅਰੋੜਾ ਨੇ ਮਨਰੇਗਾ ਸਕੀਮ ’ਤੇ ਵੀ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਪਿਛੇ ਕੇਂਦਰ ਦੀ ਕੀ ਮਨਸ਼ਾ ਸੀ ਕਿ ਮਨਰੇਗਾ ਸਕੀਮ ਨੂੰ ਬੰਦ ਕੀਤਾ ਗਿਆ ਤੇ ਉਸ ਦੀ ਥਾਂ ਹੋਰ ਤਬਦੀਲੀਆਂ ਨਾਲ ਨਵੀਂ ਸਕੀਮ ਲੋਕਾਂ ਸਾਹਮਣੇ ਲਿਆ ਛੱਡੀ| ਪੰਜਾਬ ਵਿਚ ਨਸ਼ਿਆਂ ਦੀ ਗੱਲ ਕਰਦਿਆਂ ਉਹਨਾ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜਾ ਕੀਤਾ ਅਤੇ ਕਿਹਾ ਕਿ ਗੁਜਰਾਤ ਅਤੇ ਰਾਜਸਥਾਨ ਆਦਿ ਥਾਵਾਂ ਤੋਂ ਹੀ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ, ਜਿੱਥੇ ਕਿ ਭਾਜਪਾ ਦੀਆਂ ਸਰਕਾਰਾਂ ਕੰਮ ਕਰਦੀਆਂ ਹਨ| ਮੌਜੂਦਾ ਗੈਸ ਸਿਲੰਡਰ ਦੀ ਦਿੱਕਤ ’ਤੇ ਵੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਦੀਆਂ ਦੇਸ਼-ਵਿਦੇਸ਼ ਦੀਆਂ ਗਲਤ ਨੀਤੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ|