ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸਨਿੱਚਰਵਾਰ ਹੋਈ ਮੀਟਿੰਗ ਨੇ ਫੈਸਲਾ ਲਿਆ ਕਿ ਹਰ ਸਾਲ ਦੀ ਤਰ੍ਹਾਂ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ 21 ਅਪ੍ਰੈਲ (ਮੰਗਲਵਾਰ) ਸਵੇਰੇ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਮਨਾਇਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ ‘ਚ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਦਾ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ ਸਮਾਗਮ ਦੇ ਮੁੱਖ ਵਕਤਾ ਹੋਣਗੇ। ਉਹ ‘ਇਰਾਨ ਉਪਰ ਅਮਰੀਕਾ-ਇਜ਼ਰਾਇਲ ਵੱਲੋਂ ਹਮਲਾ ਅਤੇ ਭਾਰਤੀ ਹਾਕਮ’ ਵਿਸ਼ੇ ਉਪਰ ਕੁੰਜੀਵਤ ਭਾਸ਼ਣ ਦੇਣਗੇ। ਦੁਨੀਆਂ ਭਰ ਦੇ ਅਨਮੋਲ ਕੁਦਰਤੀ ਖਜ਼ਾਨੇ ਲੁੱਟਣ ਵਿਸ਼ੇਸ਼ ਕਰਕੇ ਤੇਲ ਭੰਡਾਰਾਂ ਉਪਰ ਮੁਕੰਮਲ ਕਬਜ਼ਾ ਕਰਨ, ਮੁਲਕਾਂ ਉਪਰ ਆਪਣਾ ਮੁਕੰਮਲ ਸਾਮਰਾਜੀ ਦਾਬਾ ਕਾਇਮ ਕਰਨ ਲਈ ਅਮਰੀਕੀ ਹਾਕਮ ਸੰਸਾਰ ਭਰ ਦੇ ਲੋਕਾਂ ਉਪਰ ਨਿਹੱਕੀ ਜੰਗ ਮੜ੍ਹ ਕੇ ਨਤੀਜੇ ਵਜੋਂ ਉਹਨਾਂ ਨੂੰ ਚੌਤਰਫ਼ੇ ਸੰਕਟਾਂ ਦੇ ਮੂੰਹ ਧੱਕ ਰਹੇ ਹਨ ਅਤੇ ਭਾਰਤੀ ਹਾਕਮ ਉਹਨਾਂ ਅੱਗੇ ਡੰਡੌਤ ਬੰਦਨਾ ਕਰ ਰਹੇ ਹਨ। ਇਸ ਹਾਲਾਤ ਨੂੰ ਮੁਖ਼ਾਤਬ ਹੋ ਰਹੇ ਇਸ ਸਮਾਗਮ ਦਾ ਮਕਸਦ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੋਏਗਾ। ਮੀਟਿੰਗ ‘ਚ ਬੀਤੇ ਦਿਨੀਂ ਵਿਛੜੇ ਗਗਨਦੀਪ ਸਿੰਘ ਰੰਧਾਵਾ (ਕਮੇਟੀ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੇ ਭਾਣਜੇ), ਇਨਕਲਾਬੀ ਲਹਿਰ ਦੀ ਜਾਣੀ-ਪਛਾਣੀ ਸ਼ਖਸੀਅਤ ਰਣਜੀਤ ਲਹਿਰਾ, ਜਮਹੂਰੀ ਲਹਿਰ ਦੇ ਸੀਨੀਅਰ ਆਗੂ ਵਿਧੂ ਸ਼ੇਖ਼ਰ, ਤਰਕਸ਼ੀਲ ਲਹਿਰ ਦੇ ਆਗੂ ਅਵਤਾਰ ਬਾਈ ਕੈਨੇਡਾ, ਮੰਗਾ ਬਾਸੀ ਕਵੀ ਕੈਪਲੂਪਸ ਕੈਨੇਡਾ, ਉੱਘੇ ਭਾਸ਼ਾ ਵਿਗਿਆਨੀ ਡਾ. ਰਣਜੀਤ ਸਿੰਘ ਬਾਜਵਾ, ਕਰਜ਼ੇ ਮਾਰੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਜਸਕਰਨ ਸਿੰਘ ਵੱਲੋਂ ਗੱਡੀ ਅੱਗੇ ਛਾਲ ਮਾਰ ਕੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਦੀ ਹਿਰਦੇਵੇਦਕ ਮੌਤ ਉਪਰ ਉਹਨਾਂ ਸਭਨਾਂ ਦੇ ਪਰਵਾਰਾਂ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।




