ਚੰਡੀਗੜ੍ਹ : ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਤਵਾਰ ਸਪੱਸ਼ਟ ਕੀਤਾ ਕਿ ਉਹ ਹਲਕਾਬੰਦੀ ਬਿੱਲ ਦੇ ਹੱਕ ਵਿੱਚ ਨਹੀਂ ਹਨ ਅਤੇ ਉਨ੍ਹਾ ਦੀਆਂ ਪਹਿਲੀਆਂ ਟਿੱਪਣੀਆਂ ਦਾ ਗਲਤ ਅਰਥ ਕੱਢਿਆ ਗਿਆ | ਵੀਡੀਓ ਬਿਆਨ ਵਿੱਚ ਆਜ਼ਾਦ ਸੰਸਦ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਨੇ ਕਿਹਾ ਕਿ ਉਨ੍ਹਾ ਨੇ ਸਿਰਫ ਪ੍ਰਸਤਾਵਤ ਕਾਨੂੰਨ ਦੀਆਂ ਵਿਵਸਥਾਵਾਂ ਬਾਰੇ ਦੱਸਿਆ ਸੀ ਅਤੇ ਇਸ ਦੇ ਸਮਰਥਨ ਵਿੱਚ ਕੋਈ ਗੱਲ ਨਹੀਂ ਕਹੀ ਸੀ | ਸੂਤਰਾਂ ਨੇ ਦੱਸਿਆ ਕਿ ਉਨ੍ਹਾ ਦੀਆਂ ਸ਼ੁਰੂਆਤੀ ਟਿੱਪਣੀਆਂ ਤੋਂ ਬਾਅਦ ਖਾਲਸਾ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਖਾਸ ਕਰਕੇ ਇਸ ਲਈ, ਕਿਉਂਕਿ ਇਹ ਜਥੇਬੰਦੀ ਭਾਜਪਾ ਤੋਂ ਸੁਤੰਤਰ ਆਪਣੀ ਸਿਆਸੀ ਸਥਿਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾ ਦੇ ਸਪੱਸ਼ਟੀਕਰਨ ਨੂੰ ਪਾਰਟੀ ਦੇ ਸਮਰਥਕ ਵਰਗ ਦੇ ਕੁਝ ਹਿੱਸਿਆਂ ਵਿੱਚ ਹੋਈ ਆਲੋਚਨਾ ਦੇ ਪਿਛੋਕੜ ਵਿੱਚ ਦੇਖਿਆ ਜਾ ਰਿਹਾ ਹੈ |





