ਜਲੰਧਰ (ਰਾਜੇਸ਼ ਥਾਪਾ)-ਏਟਕ ਨਾਲ ਸੰਬੰਧਤ ਪੰਜਾਬ ਰੋਡਵੇਜ਼, ਬੈਂਕ ਅਤੇ ਸੀ ਪੀ ਆਈ ਦੇ ਆਗੂਆਂ ਦੀ ਸਰਬਸਾਂਝੀ ਮੀਟਿੰਗ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਉਚੇਚੇ ਤੌਰ ‘ਤੇ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮੌਜੂਦਾ ਕੇਂਦਰ ਤੇ ਪੰਜਾਬ ਸਰਕਾਰ ਰਿਟਾਇਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵਿੱਚ ਨਿਗੂਣਾ ਵਾਧਾ ਕਰਕੇ ਦਮਗਜੇ ਮਾਰ ਰਹੀ ਹੈ, ਜਦੋਂ ਕਿ ਮਹਿੰਗਾਈ ਸਿਖਰਾਂ ਨੂੰ ਛੂਹ ਚੁੱਕੀ ਹੈ, ਜਿਸ ਨਾਲ ਪੈਨਸ਼ਨਰਾਂ ਦਾ ਘਰੇਲੂ ਗੁਜ਼ਾਰਾ ਨਹੀਂ ਹੁੰਦਾ | ਖਾਣ ਵਾਲੇ ਤੇਲ ਦੀਆਂ ਕੀਮਤਾਂ 200 ਤੋਂ ਪਾਰ ਹਨ ਅਤੇ ਬਾਕੀ ਵਸਤਾਂ ਵੀ ਹੱਥ ਨਹੀਂ ਲਾਉਣ ਦਿੰਦੀਆਂ | ਇਸ ਪ੍ਰਸਥਿਤੀ ਵਿਚ ਪੰਜਾਬ ਤੇ ਕੇਂਦਰ ਦੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਪੈਨਸ਼ਨਰਾਂ ਦੇ ਵਿਸ਼ੇਸ਼ ਤੌਰ ‘ਤੇ ਮਹਿੰਗਾਈ ਭੱਤੇ ਵਿਚ ਵਾਧਾ ਕਰੇ | ਸੀ ਪੀ ਆਈ ਜਲੰਧਰ ਜ਼ਿਲ੍ਹੇ ਦੇ ਸਕੱਤਰ ਰਜਿੰਦਰ ਮੰਡ ਐਡਵੋਕੇਟ ਨੇ ਕਿਹਾ ਕਿ ਮੋਦੀ ਤੇ ਪੰਜਾਬ ਦੀ ਸਰਕਾਰ ਮਹਿੰਗਾਈ ਵਿਰੋਧੀ ਨੀਤੀ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿੱਚ ਖੱਬੀਆਂ ਪਾਰਟੀਆਂ ਵੱਲੋਂ ਤਿੰਨ ਦਿਨ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਮੰਡ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਮੁਫਤ ਰਿਆਇਤਾਂ ਦੇਣ ਦੀ ਥਾਂ ਉਨ੍ਹਾਂ ਦੇ ਧੀਆਂ-ਪੁੱਤਾਂ ਨੂੰ ਰੁਜ਼ਗਾਰ ਦੇਣ | ਰੁਜ਼ਗਾਰ ਮਿਲਣ ਨਾਲ ਹੀ ਘਰਾਂ ਵਿਚ ਖੁਸ਼ਹਾਲੀ ਪਰਤ ਸਕਦੀ ਹੈ | ਜੇ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਮਿਲਿਆ ਹੋਵੇ ਤਾਂ ਫੇਰ ਮਹਿੰਗਾਈ ਨਹੀਂ ਸਤਾਉਂਦੀ | ਜਦੋਂ ਕਿਸੇ ਕੋਲ ਰੁਜ਼ਗਾਰ ਨਹੀਂ ਹੈ ਜਾਂ ਥੋੜ੍ਹਾ-ਬਹੁਤਾ ਪ੍ਰਾਈਵੇਟ ਭਾਵ ਠੇਕੇ ‘ਤੇ ਮਿਲਦਾ ਹੈ | ਜਿਸ ਦੀ ਤਨਖਾਹ ਬਿਲਕੁਲ ਨਿਗੂਣੀ ਜਿਹੀ ਹੁੰਦੀ ਹੈ | ਉਸ ਨਾਲ ਗੁਜ਼ਾਰਾ ਨਹੀਂ ਚੱਲਦਾ | ਆਰਥਿਕ ਪੱਖ ਤੋਂ ਕਮਜ਼ੋਰ ਹੋਣ ਕਰਕੇ ਹੀ ਪਤੀ-ਪਤਨੀ ਭਾਵ ਘਰਾਂ ਵਿਚ ਲੜਾਈ-ਝਗੜੇ ਹੁੰਦੇ ਹਨ, ਕਿਉਂਕਿ ਜੇ ਸਾਰਿਆਂ ਕੋਲ ਰੁਜ਼ਗਾਰ ਹੋਵੇ ਤੇ ਲੋਕ ਖ਼ੁਸ਼ਹਾਲ ਹੋਣ ਤਾਂ ਫੇਰ ਲੜਾਈ-ਝਗੜੇ ਦੇ ਚਾਂਸ ਬਹੁਤ ਘੱਟ ਹੁੰਦੇ ਹਨ | ਇੱਥੇ ਇਹ ਕਹਾਵਤ ਵੀ ਢੁੱਕਦੀ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ | ਜਦੋਂ ਨੌਜਵਾਨ ਪੀੜ੍ਹੀ ਨੂੰ ਕੋਈ ਕੰਮ ਦੀ ਆਸ ਨਹੀਂ ਤਾਂ ਫੇਰ ਉਹ ਭੈੜੇ ਕੰਮਾਂ ਵਿੱਚ ਪੈ ਜਾਂਦੇ ਹਨ, ਭਾਵ ਉਹ ਨਸ਼ਿਆਂ ਦੇ ਆਦੀ ਬਣ ਜਾਂਦੇ ਹਨ | ਨਸ਼ੇ ਨੂੰ ਉਹ ਸਮਝਦੇ ਹਨ ਕਿ ਉਹ ਲੈਣ ਤੋਂ ਬਾਅਦ ਉਨ੍ਹਾਂ ਦਾ ਬੋਝ ਹਲਕਾ ਹੋ ਜਾਂਦਾ ਹੈ | ਇਸ ਪ੍ਰਸਥਿਤੀ ਵਿਚ ਰਿਟਾਇਰੀ ਮੁਲਾਜ਼ਮ ਭਾਵੇਂ ਉਮਰ ਦੇ ਪੱਕੇ ਹੁੰਦੇ ਹਨ, ਫਿਰ ਵੀ ਪਾਰਟੀ ਨਾਲ ਜੁੜ ਕੇ ਸੰਘਰਸ਼ ਵਿਚ ਕੁੱਦਦੇ ਰਹਿਣ ਅਤੇ ਆਪਣੇ ਪਰਵਾਰ ਨੂੰ ਵੀ ਜੋੜਨ |
ਮੀਟਿੰਗ ਵਿੱਚ ਰਛਪਾਲ ਕੈਲੇ ਫਿਲੌਰ, ਆਰ ਐੱਸ ਭੱਟੀ, ਆਰ ਕੇ ਠਾਕੁਰ, ਰਾਜੇਸ਼ ਥਾਪਾ, ਗੁਰਮੁਖ ਸਿੰਘ, ਸੱਤਪਾਲ ਡੀ ਏ, ਸੁਰਿੰਦਰ ਕੁਮਾਰ ਪੁਆਰੀ ਤੇ ਕੁਲਦੀਪ ਸਿੰਘ ਜੇਈ ਹਾਜ਼ਰ ਸਨ |