31.1 C
Jalandhar
Saturday, July 27, 2024
spot_img

ਪੰਜਾਬੀ ਸਾਹਿਤਕਾਰਾ ਸੁਲਤਾਨਾ ਬੇਗਮ ਨਹੀਂ ਰਹੀ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਅਤੇ ਉਰਦੂ ਜ਼ੁਬਾਨ ਦੀ ਨਾਮਵਰ ਸਾਹਿਤਕਾਰਾ ਸੁਲਤਾਨਾ ਬੇਗਮ ਨਹੀਂ ਰਹੇ | ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ 1947 ਨੂੰ ਜਨਮੀ ਸੁਲਤਾਨਾ ਬੇਗਮ ਨੇ ਦੇਸ਼ ਵੰਡ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਅਤੇ ਉਮਰ ਭਰ ਉਸ ਸੰਤਾਪ ਨੂੰ ਭੋਗਦੀ ਰਹੀ, ਕਿਉਂਕਿ ਮੁਲਕ ਵੰਡ ਦੌਰਾਨ ਉਹਨਾਂ ਦਾ ਬਾਪ ਪਰਵਾਰ ਦੇ ਬਾਕੀ ਜੀਆਂ ਨਾਲ ਲਹਿੰਦੇ ਪੰਜਾਬ ਚਲਿਆ ਗਿਆ ਸੀ, ਜਦਕਿ ਉਹਨਾਂ ਦੀ ਮਾਂ ਇਧਰ ਵਾਪਸ ਆ ਗਈ ਸੀ | ਉਹ ਮੁਸਲਮਾਨ ਮਾਪਿਆਂ ਦੀ ਧੀ ਹੋਣ ਦੇ ਬਾਵਜੂਦ ਪਟਿਆਲੇ ਹਿੰਦੂ ਪਰਵਾਰ ‘ਚ ਪਲੀ ਅਤੇ ਭੰਗੜੇ ਦੇ ਸਿਰਤਾਜ ਸਰਦਾਰ ਅਵਤਾਰ ਸਿੰਘ ਰਾਣਾ ਨਾਲ ਵਿਆਹੀ ਗਈ | ਆਪਣੇ ਜੀਵਨ ਕਾਲ ‘ਚ ਉਹ ਆਪਣੇ ਬਾਪ ਨੂੰ ਲਾਹੌਰ ‘ਚ ਲੱਭਣ ਦੇ ਬਾਵਜੂਦ ਕਦੇ ਨਾ ਮਿਲ ਸਕੀ | ਇਹੀ ਸਿੱਕ ਸੀਨੇ ਵਿੱਚ ਲੈ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ | ਸੁਲਤਾਨਾ ਬੇਗਮ ਨੇ ਧਰਮ ਅਤੇ ਜਾਤ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਸਮਾਜ ਵਿੱਚ ਮਿਸਾਲ ਕਾਇਮ ਕੀਤੀ |
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ ਅਹੁਦੇ ਤੋਂ ਸੇਵਾ-ਮੁਕਤ ਹੋਏ ਸੁਲਤਾਨਾ ਬੇਗਮ ਹੁਰਾਂ ਦੀਆਂ ਬਹੁਚਰਚਿਤ ਪੁਸਤਕਾਂ ‘ਕਤਰਾ ਕਤਰਾ ਜ਼ਿੰਦਗੀ’, ‘ਸਗੂਫੇ’, ‘ਕਿੰਨੀ ਦੂਰ ਲਹੌਰ’ ਅਤੇ ‘ਨਮਕ ਪਾਰੇ’ ਜ਼ਿਕਰਯੋਗ ਹਨ, ਜਿਹਨਾਂ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੜ੍ਹਨ ਵਾਲੇ ਬੇਹੱਦ ਮਾਣ-ਸਤਿਕਾਰ ਬਖਸ਼ਦੇ ਹਨ |
ਉਹਨਾਂ ਦੇ ਬੇਵਕਤੀ ਤੁਰ ਜਾਣ ‘ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪਿ੍ੰ. ਡਾ. ਮਹਿਲ ਸਿੰਘ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਡਾ. ਪਰਮਿੰਦਰ, ਡਾ. ਮੋਹਨ, ਸ਼ੈਲਿੰਦਰਜੀਤ ਰਾਜਨ, ਜਗਦੀਸ਼ ਸਚਦੇਵਾ, ਸਰਬਜੀਤ ਸੰਧੂ, ਡਾ. ਕਸ਼ਮੀਰ ਸਿੰਘ, ਮੁਖਤਾਰ ਗਿੱਲ, ਮਨਮੋਹਨ ਬਾਸਰਕੇ, ਡਾ. ਆਤਮ ਰੰਧਾਵਾ, ਸੁਰਿੰਦਰ ਚੋਹਕਾ, ਡਾ. ਹੀਰਾ ਸਿੰਘ ਸ਼ੁਕਰਗੁਜ਼ਾਰ ਸਿੰਘ, ਪਿ੍ੰ. ਕੁਲਵੰਤ ਸਿੰਘ ਅਣਖੀ, ਰਾਜਵੰਤ ਬਾਜਵਾ, ਨਿਰਮਲ ਅਰਪਣ, ਐਡਵੋਕੇਟ ਵਿਸ਼ਾਲ, ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੋਰਾਇਆ, ਪਰਮਜੀਤ ਸਿੰਘ ਬਾਠ, ਪ੍ਰੋ. ਮੋਹਨ ਸਿੰਘ, ਗੁਰਜੀਤ ਕੌਰ ਅਜਨਾਲਾ ਅਤੇ ਡਾ. ਇਕਬਾਲ ਕੌਰ ਸੌਂਧ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ | ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਾਂਝੇ ਪੰਜਾਬ ਦੀ ਸਾਂਝੀ ਵਿਦਵਾਨ ਲੇਖਕ ਧੀ ਸੁਲਤਾਨਾ ਬੇਗਮ ਨੂੰ ਦੇਸ਼ ਭਗਤ ਯਾਦਗਾਰ ਹਾਲ ‘ਚ ਭਾਵਭਿੰਨ ਸ਼ਰਧਾਂਜਲੀ ਭੇਟ ਕੀਤੀ | 1947 ‘ਚ ਪੰਜਾਬ ਦੀ ਦਿਲ ਚੀਰਵੀਂ ਵੰਡ ਕਾਰਨ ਪੇਕਿਆਂ ਅਤੇ ਨਾਨਕਿਆਂ ਦੇ ਦਰਦਾਂ ਭਰੇ ਦਰਿਆਵਾਂ ਵਿੱਚ ਵੀ ਸਿਦਕਦਿਲੀ ਨਾਲ ਤਾਰੀਆਂ ਲਾਉਂਦੀ ਰਹੀ | ਸਾਂਝੀ ਮਿੱਟੀ ਦੀ ਮਹਿਕ ਵੰਡਦੀ ਕਲਮਕਾਰ ਭਾਵੇਂ ਜਿਸਮਾਨੀ ਤੌਰ ‘ਤੇ ਸਾਥੋਂ ਵਿੱਛੜ ਗਈ, ਪਰ ਉਹ ਆਪਣੀ ਅਮੀਰ ਵਿਰਾਸਤ ਸਾਹਿਤਕ ਧਰੋਹਰ ਦੇ ਅੰਗ-ਸੰਗ ਸਦਾ ਜਿਊਾਦਾ ਰਹੇਗੀ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੁੱਚੀ ਕਮੇਟੀ ਵੱਲੋਂ ਸੁਲਤਾਨਾ ਬੇਗਮ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ |

Related Articles

LEAVE A REPLY

Please enter your comment!
Please enter your name here

Latest Articles