ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਦਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਵਿਦੇਸ਼ੀ ਤੇ ਸਥਾਨਕ ਦਹਿਸ਼ਤਗਰਦਾਂ ਨੂੰ ਮਾਰ ਕੇ ਖਿੱਤੇ ਦੀ ਸਥਿਤੀ ਵਿਚ ਸਿਫਤੀ ਤਬਦੀਲੀ ਲਿਆਉਣ ਦੇ ਕੇਂਦਰ ਸਰਕਾਰ ਦੇ ਦਾਅਵਿਆਂ ਦਰਮਿਆਨ ਪਿਛਲੇ ਦਿਨੀਂ ਦਹਿਸ਼ਤਗਰਦਾਂ ਵੱਲੋਂ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾਉਣ, 35 ਸਾਲਾ ਅਦਾਕਾਰਾ ਅੰਬਰੀਨ ਭੱਟ ਦੀ ਹੱਤਿਆ ਤੇ ਇਕ ਸ਼ਰਾਬ ਠੇਕੇ ‘ਤੇ ਹਮਲੇ ਨੇ 1990ਵਿਆਂ ਦੀ ਸ਼ੁਰੂਆਤ ਵਿਚ ਸ਼ੁਰੂ ਹੋਏ ਦਹਿਸ਼ਤਗਰਦੀ ਦੇ ਦੌਰ ਦਾ ਚੇਤਾ ਕਰਾ ਦਿੱਤਾ ਹੈ | ਉਦੋਂ ਵੀ ਦਹਿਸ਼ਤਗਰਦਾਂ ਨੇ ਸਿਨਮੇ ਤੇ ਠੇਕੇ ਬੰਦ ਕਰਾਉਣ ਤੇ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ, ਕਿਉਂਕਿ ਉਹ ਇਸ ਨੂੰ ‘ਅਨੈਤਿਕ’ ਤੇ ‘ਗੈਰ-ਇਸਲਾਮੀ’ ਮੰਨਦੇ ਸਨ |
ਕਸ਼ਮੀਰ ਦਾ ਅਦਾਕਾਰ ਭਾਈਚਾਰਾ ਬਡਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਦੇ ਹਿਸ਼ਰੂ ਵਿਚ ਬੁੱਧਵਾਰ ਅੰਬਰੀਨ ਦੇ ਕਤਲ ਤੋਂ ਬਾਅਦ ਸਹਿਮ ਗਿਆ ਹੈ | ਉਸ ਨੂੰ ਟੀ ਵੀ ਜਗਤ ਵਿਚ ਲਿਆਉਣ ਵਾਲੇ ਇਕ ਉੱਘੇ ਅਦਾਕਾਰ ਮੁਤਾਬਕ ਉਹ ਸਦਮੇ ਵਿਚ ਹਨ ਤੇ ਹਰ ਕੋਈ ਪੁੱਛ ਰਿਹਾ ਹੈ ਕਿ ਅੰਬਰੀਨ ਦਾ ਗੁਨਾਹ ਕੀ ਸੀ | ਜਦੋਂ ਕੋਈ ਕਿਸੇ ਨੂੰ ਗੋਲੀ ਮਾਰਦਾ ਹੈ ਤਾਂ ਦੱਸਦਾ ਹੈ ਕਿ ਤੂੰ ਫਲਾਂ ਗਲਤ ਕੰਮ ਕੀਤਾ | ਅੰਬਰੀਨ ਨੂੰ ਬਿਨਾਂ ਕੁਝ ਦੱਸੇ ਗੋਲੀ ਮਾਰ ਦਿੱਤੀ ਗਈ | ਉਹ ਘਰ ਵਿਚ ਕਮਾਉਣ ਵਾਲੀ ਇਕੱਲੀ ਸੀ ਤੇ ਬਿਮਾਰ ਬੁੱਢੇ ਮਾਂ-ਬਾਪ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਦੀ ਹੀ ਸੀ | ਐਕਟਿੰਗ ਨਾਲ ਹੀ ਉਹ ਘਰ ਦੀ ਰੋਟੀ ਚਲਾਉਂਦੀ ਸੀ | ਇਹੀ ਨਹੀਂ ਉਹ ਕਸ਼ਮੀਰੀ ਕਲਚਰ ਦਾ ਪੂਰਾ ਖਿਆਲ ਰੱਖਦੀ ਸੀ ਤੇ ਉਸ ਹਿਸਾਬ ਨਾਲ ਕੱਪੜੇ ਪਹਿਨਦੀ ਸੀ | ਅੰਬਰੀਨ ਦੇ ਪਿਤਾ ਖਜ਼ੀਰ ਮੁਹੰਮਦ ਭੱਟ ਮੁਤਾਬਕ ਉਸ ਨੂੰ ਕਦੇ ਕੋਈ ਧਮਕੀ ਵੀ ਨਹੀਂ ਮਿਲੀ ਸੀ | ਉਹ ਸ਼ਾਮ ਨੂੰ ਘਰ ਵਿਚ ਆਰਾਮ ਕਰ ਰਹੀ ਸੀ | ਕਿਸੇ ਨੇ ਉਸ ਦੇ ਭਤੀਜੇ ਨੂੰ ਆ ਕੇ ਉਸ ਬਾਰੇ ਪੁੱਛਿਆ | ਜਦੋਂ ਅੰਬਰੀਨ ਬਾਹਰ ਗਈ ਤਾਂ ਉਸ ਨੇ ਕਿਹਾ ਕਿ ਉਹ ਉਸ ਤੋਂ ਗਾਣੇ ਦੀ ਸ਼ੂਟਿੰਗ ਕਰਾਉਣੀ ਚਾਹੁੰਦੇ ਹਨ | ਜਦੋਂ ਉਸ ਨੇ ਕਿਹਾ ਕਿ ਉਹ ਅੱਜਕੱਲ੍ਹ ਗਾਉਂਦੀ ਨਹੀਂ ਤਾਂ ਅਜਨਬੀ ਨੇ ਪਿਸਤੌਲ ਕੱਢ ਕੇ ਗੋਲੀ ਮਾਰ ਦਿੱਤੀ | 10 ਸਾਲ ਦਾ ਭਤੀਜਾ ਵੀ ਫੱਟੜ ਕਰ ਦਿੱਤਾ | ਅੰਬਰੀਨ ਦਾ ਕਤਲ ਸ਼ਾਇਦ ਵਾਦੀ ਵਿਚ ਕਿਸੇ ਅਦਾਕਾਰਾ ਦਾ ਦੂਜਾ ਕਤਲ ਹੈ | 1990ਵਿਆਂ ਦੇ ਸ਼ੁਰੂ ਵਿਚ ਅਦਾਕਾਰਾ ਸ਼ਮੀਨਾ ਅਖਤਰ ਨੂੰ ਵੀ ਇਸੇ ਤਰ੍ਹਾਂ ਕਤਲ ਕੀਤਾ ਗਿਆ ਸੀ | ਉਸ ਤੋਂ ਬਾਅਦ ਦਹਿਸ਼ਤਗਰਦੀ ਦੀ ਚੱਲੀ ਹਨੇਰੀ ਨੇ ਭਾਰੀ ਤਬਾਹੀ ਲਿਆਂਦੀ | ਇਸੇ ਕਰਕੇ ਅੰਬਰੀਨ ਦਾ ਕਤਲ ਦਹਿਸ਼ਤਗਰਦੀ ਦੇ ਕਾਲੇ ਦੌਰ ਦਾ ਚੇਤਾ ਕਰਾ ਰਿਹਾ ਹੈ |