ਭਾਜਪਾ-ਅਕਾਲੀ ਦਲ ਨੇ ਹੀ ਪੰਜਾਬ ਦੇ ਹਰ ਘਰ ‘ਚ ਨਸ਼ਾ ਪਹੁੰਚਾਇਆ, ਅਮਿਤ ਸ਼ਾਹ ਮੁਆਫੀ ਮੰਗਣ : ਕੇਜਰੀਵਾਲ

0
8

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੰਜਾਬ ਦੇ ਹਰ ਘਰ ਵਿੱਚ ਨਸ਼ਿਆਂ ਨੂੰ ਪਹੁੰਚਾਉਣ ਲਈ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾ ਅਮਿਤ ਸ਼ਾਹ ਨੂੰ ਕਿਹਾ ਕਿ ਇਹ ਤੁਹਾਡੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਹੀ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਪਹੁੰਚਾਏ ਸਨ। ਅੱਜ ਤੁਸੀਂ ਕਿਸ ਮੂੰਹ ਨਾਲ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਸਕਦੇ ਹੋ? ਅੱਜ, ਭਗਵੰਤ ਮਾਨ ਦੀ ਸਰਕਾਰ ਭਾਜਪਾ-ਅਕਾਲੀ ਦਲ ਸਰਕਾਰ ਦੇ ਅਧੀਨ ਨਸ਼ਿਆਂ ਦੇ ਦੋਸ਼ੀ ਮੰਤਰੀਆਂ ਨੂੰ ਜੇਲ੍ਹ ਭੇਜ ਰਹੀ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਦੇ ਰਹੀ ਹੈ। ਸਾਡੀ ਸਰਕਾਰ ਲੋਕਾਂ ਦੇ ਨਾਲ, ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ। ਪੰਜਾਬ ਅਕਾਲੀ ਅਤੇ ਭਾਜਪਾ ਸਰਕਾਰਾਂ ਦੇ ਕਾਲੇ ਦੌਰ ਨੂੰ ਨਾ ਭੁੱਲਿਆ ਹੈ, ਨਾ ਭੁੱਲੇਗਾ ਅਤੇ ਨਾ ਹੀ ਮੁਆਫ਼ ਕਰੇਗਾ।
ਐਤਵਾਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਲੇ ਬਿਆਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ, ‘ਅਮਿਤ ਸ਼ਾਹ ਜੀ, ਤੁਹਾਨੂੰ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਪਹੁੰਚਾਉਣ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਲੋਕ ਭਾਜਪਾ-ਅਕਾਲੀ ਦਲ ਸਰਕਾਰ ਦੇ ਕਾਲੇ ਦੌਰ ਨੂੰ ਨਹੀਂ ਭੁੱਲੇ, ਜਦੋਂ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੇ ਮੰਤਰੀਆਂ ਦੇ ਘਰਾਂ ਵਿੱਚ ਪਨਾਹ ਲਈ ਸੀ ਅਤੇ ਤਸਕਰਾਂ ਨੂੰ ਪੁਲਸ ਗੱਡੀਆਂ ਅਤੇ ਹਥਿਆਰਬੰਦ ਸੁਰੱਖਿਆ ਨਾਲ ਰਾਜ ਵਿੱਚ ਘੁੰਮਾਇਆ ਜਾਂਦਾ ਸੀ, ਹਰ ਘਰ ਵਿੱਚ ਨਸ਼ੇ ਪਹੁੰਚਾਉਂਦੇ ਸਨ, ਤੁਸੀਂ ਅੱਜ ਨਸ਼ਾ ਮੁਕਤ ਪੰਜਾਬ ਬਾਰੇ ਕਿਵੇਂ ਗੱਲ ਕਰ ਸਕਦੇ ਹੋ? ‘
ਉਹਨਾ ਕਿਹਾ ਕਿ ਹੁਣ ਅਸੀਂ ਉਸ ਦੌਰ ਦੇ ਦੋਸ਼ੀ ਮੰਤਰੀਆਂ ਨੂੰ ਜੇਲ੍ਹ ਭੇਜ ਰਹੇ ਹਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਮਿਲ ਰਹੀ ਹੈ। ਅੱਜ ਪੰਜਾਬ ਵਿੱਚ ਤੁਹਾਡੀ ਸਰਕਾਰ ਦੀ ਉਡੀਕ ਜਨਤਾ ਨੂੰ ਨਹੀਂ, ਸਗੋਂ ਵੱਡੇ ਨਸ਼ਾ ਵੇਚਣ ਵਾਲਿਆਂ ਨੂੰ ਹੈ, ਜਿਨ੍ਹਾਂ ਨੂੰ ਸਾਡੀ ਸਰਕਾਰ ਦੀ ਸਖ਼ਤੀ ਤੋਂ ਬਾਅਦ ਰਾਜ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ।
ਕੇਜਰੀਵਾਲ ਨੇ ਸ਼ਾਹ ਨੂੰ ਕਿਹਾ ਕਿ ਜੇਕਰ ਤੁਹਾਨੂੰ ਨਸ਼ਿਆਂ ਦੀ ਚਿੰਤਾ ਹੈ, ਤਾਂ ਤੁਸੀਂ ਪਹਿਲਾਂ ਗੁਜਰਾਤ ਵਿੱਚ ਆਪਣਾ ‘ਡਬਲ ਇੰਜਣ’ ਕਿਉਂ ਨਹੀਂ ਚਲਾਉਂਦੇ? ਮੁੰਦਰਾ ਬੰਦਰਗਾਹ ਤੋਂ 20 ਹਜਾਰ ਕਰੋੜ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਸਨ। ਤੁਸੀਂ ਬੰਦਰਗਾਹ ਦੇ ਮਾਲਕ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ? ਉਨ੍ਹਾ ਕੈਗ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਵਿੱਚ ਚੂਹਿਆਂ ਨੇ ਪੁਲਸ ਹਿਰਾਸਤ ਵਿੱਚ 2,300 ਕਿਲੋਗ੍ਰਾਮ ਨਸ਼ੀਲੇ ਪਦਾਰਥ ਖਾਧੇ। ਕੀ ਇਹ ਵਿਸ਼ਵਾਸਯੋਗ ਹੈ? ਸਪੱਸ਼ਟ ਹੈ ਕਿ ਨਸ਼ੀਲੇ ਪਦਾਰਥ ਪੁਲਸ ਹਿਰਾਸਤ ਵਿੱਚੋਂ ਚੋਰੀ ਕਰਕੇ ਬਾਜ਼ਾਰ ਵਿੱਚ ਵੇਚੇ ਗਏ, ਜਿਸ ਨਾਲ ਲੱਖਾਂ ਘਰ ਬਰਬਾਦ ਹੋ ਗਏ।ਉਹਨਾ ਕੇਂਦਰੀ ਗ੍ਰਹਿ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਗੁਜਰਾਤ ਦਾ ਧਿਆਨ ਰੱਖਣ, ਫਿਰ ਪੰਜਾਬ ਬਾਰੇ ਗੱਲ ਕਰਨ। ਪੰਜਾਬ ਵਿੱਚ ਮਾਨ ਸਰਕਾਰ ਜਨਤਾ ਦੇ ਨਾਲ ਮਿਲ ਕੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ। ਪੰਜਾਬ ਅਕਾਲੀ-ਭਾਜਪਾ ਦੇ ਕਾਲੇ ਦੌਰ ਨੂੰ ਨਾ ਤਾਂ ਭੁੱਲਿਆ ਹੈ, ਨਾ ਹੀ ਭੁੱਲੇਗਾ ਅਤੇ ਨਾ ਹੀ ਮੁਆਫ਼ ਕਰੇਗਾ।