ਕਾਮਰੇਡ ਜੁਗਿੰਦਰ ਸਿੰਘ ਨਾਹਰ ਵਿਚਾਰਧਾਰਕ ਤੌਰ ‘ਤੇ ਪਰਪੱਕ ਸੀ : ਗੋਰੀਆ

0
4

ਨੱਥੂਵਾਲਾ, ਬਾਘਾ ਪੁਰਾਣਾ (ਗਿਆਨ ਸੈਦਪੁਰੀ)- ਉੱਘੇ ਰੰਗ ਕਰਮੀ, ਲੇਖਕ ਤੇ ਕਮਿਊਨਿਸਟ ਆਗੂ ਕਾਮਰੇਡ ਜੋਗਿੰਦਰ ਸਿੰਘ ਨਾਹਰ ਨੂੰ ਵੱਖ-ਵੱਖ ਆਗੂਆਂ ਨੇ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆ। ਕਾਮਰੇਡ ਨਾਹਰ ਸੰਘਰਸ਼ਮਈ ਜੀਵਨ ਜਿਉਂਦਿਆਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ। ਉਨ੍ਹਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਲੋਕਾਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਉਹ ਲੋਕਾਂ ਦਾ ਜਾਇਆ ਰੰਗ ਕਰਮੀ ਸੀ।
ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ ਨੇ ਕਾਮਰੇਡ ਨਾਹਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ‘ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ£ ਪੁਰਜਾ ਪੁਰਜਾ ਕਟਿ ਮਰੇ ਕਬਹੂ ਨ ਛਾਡੇ ਖੇਤ£’ ਮਹਾਨ ਤੁਕਾਂ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੀ ਜ਼ਿੰਦਗੀ ‘ਤੇ ਪੂਰੀ ਤਰ੍ਹਾਂ ਢੁਕਦੀਆਂ ਹਨ। ਉਹ ਲੋਕ ਹਿੱਤਾਂ ਲਈ ਪੂਰੀ ਹਯਾਤੀ ਖੰਡੇ ਦੀ ਧਾਰ ‘ਤੇ ਜੀਵਿਆ। ਉਹਨਾ ਕਿਹਾ ਕਿ ਉਹ ਆਪਣੇ ਗੀਤਾਂ ਤੇ ਕਵਿਤਾਵਾਂ ਰਾਹੀਂ ਲੋਕਾਂ ਨੂੰ ਇਨਕਲਾਬੀ ਸੁਨੇਹਾ ਦਿੰਦਾ ਸੀ। ਭੋਲਾ ਨੇ ਉਹਨਾ ਦੀ ਪਾਰਟੀ ਪ੍ਰਤੀ ਸਮਰਪਣ ਭਾਵਨਾ ਦਾ ਜ਼ਿਕਰ ਇੱਕ ਅਹਿਮ ਘਟਨਾ ਦੇ ਹਵਾਲੇ ਨਾਲ ਦਿੱਤਾ। ਉਹਨਾ ਦੱਸਿਆ ਕਿ ਉਸ ਦਿਨ ਪਾਰਟੀ ਦਾ ਇੱਕ ਸਮਾਗਮ ਰੱਖਿਆ ਹੋਇਆ ਸੀ, ਜਿਸ ਦਿਨ ਕਾਮਰੇਡ ਨਾਹਰ ਦੇ ਆਪਣੇ ਪਿਤਾ ਦਾ ਅੰਤਮ ਸੰਸਕਾਰ ਹੋਣਾ ਸੀ। ਨਾਹਰ ਨੇ ਪਾਰਟੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। ਸੀ ਪੀ ਆਈ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਥੀ ਨਾਹਰ ਜਿੱਥੇ ਵੱਡਾ ਰੰਗਕਰਮੀ ਸੀ, ਉੱਥੇ ਮਿਹਨਤੀ, ਸਿਰੜੀ, ਹਿੰਮਤੀ ਤੇ ਵਿਚਾਰਧਾਰਕ ਤੌਰ ‘ਤੇ ਪਰਪੱਕ ਵਿਅਕਤੀ ਸੀ। ਉਸ ਨੇ ਆਪਣੇ ਰੰਗ ਕਰਮੀ ਮੰਚ ਤੋਂ ਮਿਹਨਤੀ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਪਾਇਆ। ਆਪ ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦਿਆਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾ ਗਿਆ ਗੋਰੀਆ ਨੇ ਕਿਹਾ ਕਿ ਟੁੱਟ ਰਹੇ ਸਮਾਜ ਨੂੰ ਜੋੜਨਾ ਤੇ ਇਸ ਦੀ ਬਿਹਤਰੀ ਲਈ ਹੀਲੇ ਵਸੀਲੇ ਪੈਦਾ ਕਰਨ ਦਾ ਪ੍ਰਣ ਕਰਨਾ ਸਾਥੀ ਨਾਹਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਭਾਵਪੂਰਤ ਸ਼ਬਦਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਨਾਹਰ ਆਮ ਆਦਮੀ ਨਹੀਂ ਸੀ, ਉਹ ਸਧਾਰਨ ਕਾਇਆ ਵਿੱਚ ਅਸਮਾਨ ਛੂੰਹਦੀ ਪ੍ਰਤਿਭਾ ਦਾ ਮਾਲਕ ਸੀ। ਉਹਨਾ ਕਮਿਊਨਿਸਟਾਂ ਨੂੰ ਰਾਹ-ਦਸੇਰਾ ਦੱਸਦਿਆਂ ਕਿਹਾ ਕਿ ਉਹਨਾ ਦਾ ਆਮ ਲੋਕਾਂ ਦੀ ਬਿਹਤਰੀ ਲਈ ਕੀਤਾ ਸੰਘਰਸ਼ ਸਾਡੇ (ਆਪ) ਦੇ ਕੰਮ ਆਇਆ। ਵਿਧਾਇਕ ਨੇ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੇ ਨਾਂਅ ‘ਤੇ ਵੱਡੀ ਲਾਇਬ੍ਰੇਰੀ ਬਣਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਸ ਲਈ ਚੰਗੀ ਇਮਾਰਤ ਤਾਮੀਰ ਕੀਤੀ ਜਾਵੇਗੀ ਤੇ ਵਧੀਆ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਸਮਾਜ ਵਿੱਚ ਕਾਮਰੇਡ ਜੋਗਿੰਦਰ ਸਿੰਘ ਨਾਹਰ ਵਰਗੀਆਂ ਸ਼ਖਸੀਅਤਾਂ ਪੈਦਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਨਾਹਰ ਦੇ ਦਿਲ ਵਿੱਚ ਕਿਸਾਨਾਂ, ਮਜ਼ਦੂਰਾਂ ਲਈ ਤੜਪ ਸੀ। ਇਸੇ ਲਈ ਉਹ ਸਾਰੀ ਜ਼ਿੰਦਗੀ ਇਹਨਾਂ ਲਈ ਜੀਵਿਆ। ਉਹ ਸਟੇਜ ਦਾ ਵੀ ਧਨੀ ਸੀ। ਉਹ ਕਾਮਰੇਡ ਰੁਲਦੂ ਖਾਨ ਤੋਂ ਲੈ ਕੇ ਸਾਥੀ ਅਰਜਨ ਸਿੰਘ ਮਸਤਾਨਾ ਦਾ ਸੰਗੀ ਰਿਹਾ। ਸੂਰਤ ਸਿੰਘ ਨੇ ਦੱਬੇ-ਕੁਚਲੇ ਲੋਕਾਂ ਦਾ ਕਾਮਰੇਡ ਨਾਹਰ ਨੂੰ ਸਿਤਾਰਾ ਦੱਸਦਿਆਂ ਉਹਨਾ ਦੀ ਯਾਦ ਵਿੱਚ ਲਾਇਬਰੇਰੀ ਦਾ ਪ੍ਰਸਤਾਵ ਰੱਖਦਿਆਂ ਧਰਮਕੋਟ ਦੀ ਸੀ ਪੀ ਆਈ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।
ਮਾਸਟਰ ਗੁਰਦੇਵ ਸਿੰਘ ਕਿਰਤੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਰੰਗਕਰਮੀ ਜੋਗਿੰਦਰ ਸਿੰਘ ਨਾਹਰ ਤੇਰਾ ਸਿੰਘ ਚੰਨ ਤੇ ਜੋਗਿੰਦਰ ਸਿੰਘ ਬਾਹਰਲਾ ਦੀ ਪਾਲ਼ ਦਾ ਆਦਮੀ ਸੀ। ਕਿਰਤੀ ਨੇ ਚੇਤਿਆਂ ‘ਚ ਉਤਰ ਕੇ ਨਾਹਰ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਗੁਰਮੀਤ ਸਿੰਘ ਵਾਂਦਰ ਡੋਡ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਕਾਮਰੇਡ ਜੋਗਿੰਦਰ ਸਿੰਘ ਨਾਹਰ ਦੀ ਸੰਗਰਾਮੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ। ਹਰਦੇਵ ਸਿੰਘ ਬਰਾੜ (ਸ਼ਕੂਰ) ਨੇ ‘ਸਦਾ ਹੀ ਅਮਰ ਰਹੂ ਨੱਥੂ ਵਾਲਾ ਨਾਹਰ ਜੀ…..’ ਗੀਤ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਾਹਿਤ ਸਭਾ ਬਾਘਾ ਪੁਰਾਣਾ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਕਾਮਰੇਡ ਨਾਹਰ ਦੀ ਪੁਸਤਕ ‘ਮੁੜ੍ਹਕੇ ਦੇ ਮੋਤੀ’ ਦਾ ਉਚੇਚ ਨਾਲ ਜ਼ਿਕਰ ਕੀਤਾ। ਸ਼ਿੰਦਾ ਸਿੰਘ ਸ਼ਿੰਦਾ ਨੇ ਸਭ ਦਾ ਧੰਨਵਾਦ ਕਰਦਿਆਂ ਸਾਥੀ ਨਾਹਰ ਦੀ ਰੰਗਕਰਮੀ ਵਜੋਂ ਨਿਭਾਈ ਸ਼ਾਨਦਾਰ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਨਾਥੇਵਾਲਾ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਸਟੇਜ ਸਕੱਤਰ ਵੱਲੋਂ ਜ਼ਿਲ੍ਹਾ ਮੋਗਾ ਦੇ ਇੰਚਾਰਜ ਤੇ ਕੌਮੀ ਆਗੂ ਕਾਮਰੇਡ ਜਗਰੂਪ, ਇਪਟਾ ਦੇ ਆਗੂ ਇੰਦਰਜੀਤ ਰੂਪੋਵਾਲੀ, ਡਾ. ਇੰਦਰਬੀਰ ਸਿੰਘ, ਸੁਖਵਿੰਦਰ ਮਹੇਸਰੀ ਤੇ ਹੋਰਨਾਂ ਦੇ ਆਏ ਸ਼ੋਕ ਸੰਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾ, ਨੌਜਵਾਨ ਆਗੂ ਵਿੱਕੀ ਮਹੇਸਰੀ, ਹਰਦਿਆਲ ਸਿੰਘ ਘਾਲੀ, ਸਵਰਨ ਸਿੰਘ ਭਿੰਡਰ, ਗੁਰਮੇਲ ਸਿੰਘ ਰੱਜੀਵਾਲਾ, ਕ੍ਰਿਸ਼ਨ ਕੁਮਾਰ ਕਿਸ਼ਨਪੁਰਾ, ਰਣਜੀਤ ਸਿੰਘ ਭਿੰਡਰ ਆਦਿ ਸ਼ਾਮਿਲ ਸਨ।