ਸਾਥ ਨਾ ਦੇਣ ਵਾਲੇ ਆਪਣੇ ਤੇਲ ਦਾ ਪ੍ਰਬੰਧ ਆਪ ਕਰਨ, ਮੈਂ ਨਹੀਂ ਮਦਦ ਕਰਨੀ : ਟਰੰਪ

0
5

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ ਤੇਲ ਹਾਸਲ ਕਰਨ ਵਿੱਚ ਸਮੱਸਿਆ ਆ ਰਹੀ ਹੈ, ਉਹ ਹਿੰਮਤ ਕਰਨ ਤੇ ਹਾਰਮੁਜ਼ ਦੇ ਰਣਨੀਤਕ ਜਲ ਮਾਰਗ ‘ਤੇ ਕਬਜ਼ਾ ਕਰ ਲੈਣ। ਉਨ੍ਹਾ ਇਹ ਸੁਝਾਅ ਤੇਲ ਦੀ ਸਪਲਾਈ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ ਦਿੱਤਾ ਹੈ।
ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਹੋਰ ਦੇਸ਼ਾਂ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੀ ਸੁਰੱਖਿਆ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਿਸ ਰਾਹੀਂ ਦੁਨੀਆ ਦੇ ਤੇਲ ਦਾ ਇੱਕ ਵੱਡਾ ਹਿੱਸਾ ਲੰਘਦਾ ਹੈ। ਉਨ੍ਹਾ ਸੰਕੇਤ ਦਿੱਤਾ ਕਿ ਅਮਰੀਕਾ ਇਕੱਲਾ ਇਸ ਖੇਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਚੁੱਕੇਗਾ ਅਤੇ ਹੋਰਨਾਂ ਦੇਸ਼ਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਜਿਹੜੇ ਦੇਸ਼ਾਂ ਨੇ ਜੰਗ ਵਿੱਚ ਸਾਥ ਨਹੀਂ ਦਿੱਤਾ ਤੇ ਈਂਧਨ ਦੀ ਕਮੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਜਲ ਮਾਰਗ ਖੁੱਲ੍ਹਵਾਉਣ ਲਈ ਖੁਦ ਹੀ ਹਿੰਮਤ ਕਰਨੀ ਪੈਣੀ ਹੈ। ਉਨ੍ਹਾ ਕਿਹਾ ਕਿ ਅਮਰੀਕੀ ਨੇ ਮਦਦ ਨਹੀਂ ਕਰਨੀ, ਕਿਉਂਕਿ ਤੁਸੀਂ ਮਦਦ ਨਹੀਂ ਕੀਤੀ।
ਉਨ੍ਹਾ ਇਹ ਵੀ ਕਿਹਾ ਕਿ ਫਰਾਂਸ ਸਭ ਤੋਂ ਵੱਧ ਨਾਮਦਦਗਾਰ ਸਾਬਤ ਹੋਇਆ ਹੈ, ਜਿਸ ਨੇ ਅਮਰੀਕਾ ਦੇ ਜਹਾਜ਼ ਨਹੀਂ ਲੰਘਣ ਦਿੱਤੇ।
ਇਸੇ ਦਰਮਿਆਨ ਖਬਰ ਹੈ ਕਿ ਟਰੰਪ ਨੂੰ ਹਾਰਮੁਜ਼ ਜਲ ਡਮਰੂ ਖੁੱਲ੍ਹਵਾਉਣ ਦੀ ਬਹੁਤੀ ਚਿੰਤਾ ਨਹੀਂ। ਅਖਬਾਰ ‘ਵਾਲ ਸਟ੍ਰੀਟ ਜਰਨਲ’ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਟਰੰਪ ਅਤੇ ਉਨ੍ਹਾ ਦੇ ਸਹਿਯੋਗੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਜਲ ਡਮਰੂ ਨੂੰ ਖੋਲ੍ਹਣ ਦਾ ਮਿਸ਼ਨ ਸੰਘਰਸ਼ ਨੂੰ ਉਨ੍ਹਾਂ ਦੀ ਚਾਰ ਤੋਂ ਛੇ ਹਫਤਿਆਂ ਦੀ ਸਮਾਂ ਸੀਮਾ ਤੋਂ ਅੱਗੇ ਲੈ ਜਾਵੇਗਾ। ਰਿਪੋਰਟ ਦੇ ਮੁਤਾਬਕ ਟਰੰਪ ਨੇ ਫੈਸਲਾ ਕੀਤਾ ਹੈ ਕਿ ਅਮਰੀਕਾ ਨੂੰ ਈਰਾਨ ਦੀ ਜਲ ਸੈਨਾ ਅਤੇ ਉਸ ਦੇ ਮਿਜ਼ਾਈਲ ਭੰਡਾਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਆਪਣੇ ਮੁੱਖ ਟੀਚਿਆਂ ਨੂੰ ਹਾਸਲ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਦੁਸ਼ਮਣੀ ਨੂੰ ਘੱਟ ਕਰਨਾ ਚਾਹੀਦਾ ਹੈ, ਜਦੋਂ ਕਿ ਵਪਾਰ ਦੇ ਸੁਚਾਰੂ ਪ੍ਰਵਾਹ ਨੂੰ ਮੁੜ ਸ਼ੁਰੂ ਕਰਨ ਲਈ ਤਹਿਰਾਨ ‘ਤੇ ਕੂਟਨੀਤਕ ਦਬਾਅ ਪਾਉਣਾ ਚਾਹੀਦਾ ਹੈ।