ਅਕਾਲੀਆਂ ‘ਤੇ ਪੀੜ੍ਹੀਆਂ ਦੀ ਨਸਲਕੁਸ਼ੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ : ਮਾਨ

0
4

ਨੰਗਲ (ਹਰਭਜਨ ਢਿੱਲੋਂ)
ਨੰਗਲ ਨੂੰ ਆਧੁਨਿਕ ਬੁਨਿਆਦੀ ਢਾਂਚੇ, ਹੁਨਰ ਵਿਕਾਸ ਅਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦੇ ਯਤਨਾਂ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 75 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦੀ ਸੁਰੂਆਤ ਕੀਤੀ, ਜਿਸ ਤਹਿਤ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ, ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਨਾਂਅ ‘ਤੇ 23 ਕਰੋੜ ਰੁਪਏ ਦਾ ਸੈਂਟਰ ਆਫ ਐਕਸੀਲੈਂਸ ਅਤੇ ਸਿੱਖਿਆ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ ‘ਤੇ ਅੱਪਗ੍ਰੇਡਸ਼ਨ ਕਰਨਾ ਸਾਮਲ ਹਨ। ਮੁੱਖ ਮੰਤਰੀ ਨੇ ਇਹਨਾਂ ਪਹਿਲਕਦਮੀਆਂ ਨੂੰ ਵਿਕਾਸ ਵਿੱਚ ਸਾਲਾਂ ਤੋਂ ਆਈ ਖੜੋਤ ਨੂੰ ਦੂਰ ਕਰਨ ਪ੍ਰਤੀ ਫੈਸਲਾਕੁੰਨ ਕਦਮ ਦੱਸਦਿਆਂ ਇੱਕ ਅਜਿਹੇ ਪ੍ਰਸਾਸਨਿਕ ਮਾਡਲ ਦੀ ਰੂਪਰੇਖਾ ਦਿੱਤੀ ਜਿਸ ਵਿੱਚ ਰੋਬੋਟਿਕਸ, ਇਲੈਕਟ੍ਰਿਕ ਵਾਹਨ, ਸੂਰਜੀ ਤਕਨਾਲੋਜੀ ਅਤੇ ਡਰੋਨ ਸਿਖਲਾਈ ਵਰਗੇ ਅਤਿ-ਆਧੁਨਿਕ ਖੇਤਰਾਂ ਵਿੱਚ ਉਦਯੋਗ ਪੱਖੀ ਹੁਨਰ ਸਿਖਲਾਈ, ਔਰਤਾਂ ਲਈ ਤਕਨੀਕੀ ਸਿੱਖਿਆ ਤੱਕ ਪਹੁੰਚ ਅਤੇ ਪੰਜਾਬ ਦੀ ਖੇਤੀਬਾੜੀ ਰੀੜ੍ਹ ਦੀ ਹੱਡੀ ਨੂੰ ਮਜਬੂਤ ਕਰਨ ਲਈ ਭਾਖੜਾ ਨਹਿਰ ਦੇ ਬਰਾਬਰ ਵੱਡੇ ਪੱਧਰ ‘ਤੇ ਪਾਣੀ ਪ੍ਰਦਾਨ ਕਰਨਾ ਸ਼ਾਮਲ ਹੈ।
ਲੋਕਾਂ ਨੂੰ 75 ਕਰੋੜ ਰੁਪਏ ਦੇ ਵਿਕਾਸ ਕਾਰਜ ਸਮਰਪਤ ਕਰਨ ਉਪਰੰਤ ਮਾਨ ਨੇ ਕਿਹਾ, ‘ਅਕਾਲੀਆਂ ‘ਤੇ ਪੀੜ੍ਹੀਆਂ ਦੀ ਨਸਲਕੁਸ਼ੀ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦਿੱਤੀ ਸੀ ਅਤੇ ਉਨ੍ਹਾਂ ਦੇ ਲੰਮੇ ਕੁਸਾਸ਼ਨ ਦੌਰਾਨ ਨਸ਼ਿਆਂ ਦੇ ਵਪਾਰ ਨੇ ਆਪਣੇ ਪੈਰ ਪਸਾਰੇ ਸਨ। ਇਨ੍ਹਾਂ ਆਗੂਆਂ ਦੇ ਹੱਥ ਆਪਣੇ ਸਰਕਾਰੀ ਵਾਹਨਾਂਵਿੱਚ ਸੂਬੇ ਵਿੱਚ ਸਪਲਾਈ ਕੀਤੇ ਜਾਣ ਵਾਲੇ ਨਸ਼ਿਆਂ ਦਾ ਸ਼ਿਕਾਰ ਹੋਏ ਲੱਖਾਂ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਹ ਪਾਪ ਮੁਆਫ ਨਹੀਂ ਕੀਤੇ ਜਾ ਸਕਦੇ ਅਤੇ ਇਹਨਾਂ ਆਗੂਆਂ ਨੂੰ ਲੋਕਾਂ ਵੱਲੋਂ ਉਨ੍ਹਾਂ ਦੇ ਗੁਨਾਹਾਂ ਲਈ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ।’
ਮੁੱਖ ਮੰਤਰੀ ਨੇ ਕਿਹਾ, ‘ਸੁਖਬੀਰ ਸਿੰਘ ਬਾਦਲ ਨੇ ਜਨਤਾ ਵਿੱਚ ਆਪਣਾ ਵਿਸ਼ਵਾਸ਼ ਗੁਆ ਦਿੱਤਾ ਹੈ ਅਤੇ ਰੈਲੀਆਂ ਵਿੱਚ ਭੀੜ ਦਿਖਾਉਣ ਲਈ ਪੈਸੇ ਦੇ ਕੇ ਬੁਲਾਏ ਗਏ ਵਰਕਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਰ ਅਕਾਲੀ ਰੈਲੀ ਵਿੱਚ ਉਹੀ ਭੀੜ ਮੌਜੂਦ ਹੁੰਦੀ ਹੈ। ਸੂਬਾ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਕੰਮਾਂ ਕਾਰਨ ਉਹ ਆਪਣਾ ਮਾਨਸਿਕ ਸੁਤੰਲਨ ਗੁਆ ਚੁੱਕੇ ਹਨ, ਜਿਸ ਕਾਰਨ ਉਹ ਬੇਬੁਨਿਆਦ ਅਤੇ ਤਰਕਹੀਣ ਬਿਆਨ ਦੇ ਰਹੇ ਹਨ। ਅਜਿਹੇ ਬਿਆਨਾਂ ਦੇ ਆਧਾਰ ‘ਤੇ ਹੀ ਸਾਬਕਾ ਉਪ ਮੁੱਖ ਮੰਤਰੀ ਸੱਤਾ ਵਿੱਚ ਵਾਪਸੀ ਦੇ ਸੁਪਨੇ ਦੇਖ ਰਹੇ ਹਨ, ਜੋ ਕਦੇ ਵੀ ਸੰਭਵ ਨਹੀਂ ਹੋਵੇਗਾ।’
ਮਾਨ ਨੇ ਕਿਹਾ, ‘ਅੱਜ ਇੱਕ ਇਤਿਹਾਸਕ ਦਿਨ ਹੈ, ਕਿਉਂਕਿ ਕਈ ਵੱਡੇ ਵਿਕਾਸ ਪ੍ਰੋਜੈਕਟ ਸਮਰਪਤ ਕੀਤੇ ਜਾ ਰਹੇ ਹਨ। 23 ਕਰੋੜ ਰੁਪਏ ਦੀ ਲਾਗਤ ਨਾਲ ਕੈਪਟਨ ਅਮੋਲ ਕਾਲੀਆ ਸੈਂਟਰ ਆਫ ਐਕਸੀਲੈਂਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼ਹੀਦ ਨੇ ਕਾਰਗਿਲ ਯੁੱਧ ਦੌਰਾਨ 25 ਸਾਲ ਦੀ ਉਮਰ ਵਿੱਚ ਆਪਣੀ ਜਾਨ ਦੇ ਦਿੱਤੀ ਸੀ ਅਤੇ ਪੂਰਾ ਦੇਸ ਨੰਗਲ ਦੇ ਇਸ ਬਹਾਦਰ ਪੁੱਤਰ ‘ਤੇ ਮਾਣ ਕਰਦਾ ਹੈ। ਇਸ ਸੰਸਥਾ ‘ਤੇ 23 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜੋ 540 ਵਿਦਿਆਰਥੀਆਂ ਨੂੰ ਸਿਖਲਾਈ ਦੇਵੇਗਾ। ਕੋਰਸ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰੋਬੋਟਿਕਸ, ਇਲੈਕਟ੍ਰਿਕ ਵਾਹਨ ਤਕਨਾਲੋਜੀ, ਸੋਲਰ ਟੈਕਨੀਸੀਅਨ ਅਤੇ 3ਡੀ ਪ੍ਰਿੰਟਿੰਗ ਸ਼ਾਮਲ ਹਨ। ਇਸ ਵਿੱਚ ਸਿਵਲ ਏਵੀਏਸ਼ਨ, ਏਅਰ ਹੋਸਟੈੱਸ ਸਿਖਲਾਈ ਅਤੇ ਡਰੋਨ ਤਕਨਾਲੋਜੀ ਵਰਗੇ ਕਈ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਸੀਨੀਅਰ ‘ਆਪ’ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੂਬਾ ਵਾਸੀਆਂ ਦਾ ਵੱਡਾ ਹੁੰਗਾਰਾ ‘ਆਪ’, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪ੍ਰਤੀ ਲੋਕਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ‘ਆਪ’ ਦਾ ਗਠਨ ਸਿਰਫ ਸਰਕਾਰਾਂ ਬਦਲਣ ਲਈ ਨਹੀਂ, ਸਗੋਂ ਸਿਸਟਮ ਨੂੰ ਬਦਲਣ ਲਈ ਕੀਤਾ ਗਿਆ ਸੀ, ਜਿਸ ਕਾਰਨ ਪੰਜਾਬ ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਵਿਕਾਸ ਤੋਂ ਘਬਰਾਏ ਵਿਰੋਧੀ ਪਾਰਟੀਆਂ ਨੇ ਸਾਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਕੋਸ਼ਿਸ ਕੀਤੀ, ਪਰ ਅਦਾਲਤ ਤੋਂ ਬਰੀ ਹੋ ਕੇ ਅਸੀਂ ਆਪਣੀ ਇਮਾਨਦਾਰੀ ਨੂੰ ਸਾਬਤ ਕਰ ਦਿੱਤਾ ਹੈ। ਜੇਕਰ ਕਾਂਗਰਸ, ਅਕਾਲੀ ਜਾਂ ਭਾਜਪਾ ਸੱਤਾ ਵਿੱਚ ਵਾਪਸ ਆਉਂਦੇ ਹਨ, ਤਾਂ ਉਹ ਇਨ੍ਹਾਂ ਲੋਕ ਭਲਾਈ ਯੋਜਨਾਵਾਂ ਨੂੰ ਖਤਮ ਕਰ ਦੇਣਗੇ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, ‘ਇਸ ਵਿਧਾਨ ਸਭਾ ਹਲਕੇ ਦੇ ਹਰ ਖੇਤਰ ਵਿੱਚ ਸੰਪੂਰਨ ਵਿਕਾਸ ਹੋਇਆ ਹੈ, ਜਿਸ ਨਾਲ ਵਸਨੀਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਇਹ ਇਤਿਹਾਸਕ ਪਹਿਲਕਦਮੀਆਂ ਇਸ ਖੇਤਰ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੀਆਂ।’