ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਨੁਸਾਰ 15 ਮਈ ਨੂੰ ਸਵੇਰੇ 5:55 ਵਜੇ ਪਹਿਲੀ ਫਲਾਈਟ ਹਲਵਾਰਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਦਿੱਲੀ ਪਹੁੰਚ ਜਾਵੇਗੀ। ਵਾਪਸੀ ‘ਤੇ ਦਿੱਲੀ ਤੋਂ ਇਹ ਦੁਪਹਿਰ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਰਤੇਗੀ। ਮਹਿਜ਼ 1 ਘੰਟਾ 10 ਮਿੰਟ ਦਾ ਇਹ ਸਫਰ ਲੁਧਿਆਣਾ ਨੂੰ ਦੇਸ਼ ਦੀ ਰਾਜਧਾਨੀ ਨਾਲ ਸਿੱਧਾ ਹਵਾਈ ਮਾਰਗ ਰਾਹੀਂ ਜੋੜ ਦੇਵੇਗਾ।
ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ
ਪਟਿਆਲਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਬੁੱਧਵਾਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਚਿੱਠੀ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ਼ਟਰਪਤੀ ਕੋਲ ਦਾਖਲ ਕੀਤੀ ਗਈ ਉਸ ਦੀ ਰਹਿਮ ਦੀ ਅਪੀਲ ਦਸ ਦਿਨਾਂ ਦੇ ਅੰਦਰ ਵਾਪਸ ਲੈਣ ਦਾ ਨਿਰਦੇਸ਼ ਦੇਣ। ਉਸ ਨੇ ਕਿਹਾ ਹੈ ਕਿ ਉਸ ਨੂੰ ਇਨਸਾਫ ਦੀ ਉਡੀਕ ਕਰਦਿਆਂ ਲੱਗਭੱਗ 30 ਸਾਲ ਹੋ ਗਏ ਹਨ, ਪਰ ਇਸ ਦੇ ਬਾਵਜੂਦ ਕੋਈ ਵੀ ਚਿੰਤਤ ਨਹੀਂ ਜਾਪ ਰਿਹਾ।
ਗੈਸ ਡੀਲਰਾਂ ਦੀ ਫਰਿਆਦ
ਚੰਡੀਗੜ੍ਹ : ਗੈਸ ਏਜੰਸੀ ਸੰਚਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟਕਰਾਅ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਫੈਡਰੇਸ਼ਨ ਆਫ ਐੱਲ ਪੀ ਜੀ ਡਿਸਟ੍ਰੀਬਿਊਟਰਜ਼ ਆਫ ਪੰਜਾਬ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਸੂਬੇ ਵਿੱਚ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਨੋਡਲ ਅਫਸਰ ਨਿਯੁਕਤ ਕਰੇ। ਪੰਜਾਬ ਵਿੱਚ ਲੱਗਭੱਗ 980 ਗੈਸ ਏਜੰਸੀਆਂ ਹਨ, ਜੋ ਤਕਰੀਬਨ 96 ਲੱਖ ਖਪਤਕਾਰਾਂ ਦੀ ਸੇਵਾ ਕਰਦੀਆਂ ਹਨ। ਫੈਡਰੇਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਗੈਸ ਦੀ ਕਿੱਲਤ ਤੇਜ਼ ਹੋਈ ਹੈ, ਏਜੰਸੀ ਸਟਾਫ ਅਤੇ ਡਿਲੀਵਰੀ ਕਰਮਚਾਰੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਮਰਸ਼ੀਅਲ ਸਿਲੰਡਰ ਮਹਿੰਗਾ
ਨਵੀਂ ਦਿੱਲੀ : ਕਮਰਸ਼ੀਅਲ ਐੱਲ ਪੀ ਜੀ ਸਿਲੰਡਰਾਂ ਦੀ ਕੀਮਤ ਬੁੱਧਵਾਰ 195.50 ਰੁਪਏ ਤੇ 5 ਕਿੱਲੋ ਵਾਲੇ ਐੱਫ ਟੀ ਐੱਲ ਸਿਲੰਡਰ ਦੀ 51 ਰੁਪਏ ਵਧ ਗਈ। ਹਾਲਾਂਕਿ ਘਰੇਲੂ ਰਸੋਈ ਗੈਸ (14.2 ਕਿੱਲੋ) ਦੀ ਕੀਮਤ ਸਥਿਰ ਰੱਖੀ ਗਈ ਹੈ। ਹਵਾਬਾਜ਼ੀ ਈਂਧਣ ਦੀ ਵੀ ਕੀਮਤ ਵਧਾ ਦਿੱਤੀ ਗਈ।




