ਨਵੀਂ ਦਿੱਲੀ : ਲਾਈਟ ਮਸ਼ੀਨ ਗਨ (ਐੱਲ ਐੱਮ ਜੀ) ਦਾ ਨਿਰਮਾਣ ਕਰਨ ਵਾਲੀ ਇਜ਼ਰਾਈਲ ਦੀ ਇੱਕ ਪ੍ਰਮੁੱਖ ਕੰਪਨੀ ਨੇ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਨੂੰ ਤਕਨਾਲੋਜੀ ਟਰਾਂਸਫਰ ਦੇ ਨਾਲ ਹਲਕੀਆਂ ਮਸ਼ੀਨ ਗੰਨਾਂ ਦੀ ਪਹਿਲੀ ਖੇਪ ਦੀ ਸਪਲਾਈ ਕੀਤੀ ਹੈ। ‘ਇਜ਼ਰਾਈਲ ਵੈਪਨਜ਼ ਇੰਡਸਟਰੀਜ਼’ ਨੇ ਇੱਕ ਬਿਆਨ ਵਿੱਚ ਕਿਹਾ ਕਿ 41 ਹਜ਼ਾਰ ਲਾਈਟ ਮਸ਼ੀਨ ਗੰਨਾਂ ਦੇ ਇੱਕ ਵੱਡੇ ਇਕਰਾਰਨਾਮੇ ਤਹਿਤ ਪਿਛਲੇ ਹਫਤੇ 2,000 ਨੇਗੇਵ ਐੱਲ ਐੱਮ ਜੀ ਦੀ ਪਹਿਲੀ ਖੇਪ ਸਪਲਾਈ ਕੀਤੀ ਗਈ ਸੀ ਅਤੇ ਇਸ ਸਾਲ ਦੇ ਅੰਤ ਵਿੱਚ 4,000 ਹੋਰ ਹਲਕੀਆਂ ਮਸ਼ੀਨ ਗੰਨਾਂ ਦੀ ਸਪਲਾਈ ਤੈਅ ਹੈ।


