ਨਵੀਂ ਦਿੱਲੀ : ਵਿਸ਼ਵ ਫੁੱਟਬਾਲ ਟੂਰਨਾਮੈਂਟ ਲਈ ਸਾਰੀਆਂ 48 ਟੀਮਾਂ ਦੇ ਨਾਂਅ ਤੈਅ ਹੋ ਗਏ ਹਨ। ਚਾਰ ਵਾਰ ਦਾ ਚੈਂਪੀਅਨ ਇਟਲੀ ਲਗਾਤਾਰ ਤੀਜੀ ਵਾਰ ਨਾਕਾਮ ਰਿਹਾ, ਜਦਕਿ ਇਰਾਕ ਦੀ ਵਾਪਸੀ ਹੋਈ ਹੈ। 11 ਜੂਨ ਤੋਂ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ ਪਹਿਲੀ ਵਾਰ 32 ਦੀ ਥਾਂ 48 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਨੇ ਕੁਆਲੀਫਾਈ ਕਰਨ ਲਈ ਢਾਈ ਸਾਲ ਸੰਘਰਸ਼ ਕੀਤਾ।
ਟੂਰਨਾਮੈਂਟ ਦੀਆਂ ਟੀਮਾਂ ਦੇ 12 ਗਰੁੱਪ ਬਣਾਏ ਗਏ ਹਨ। ਗਰੁੱਪ ਸਟੇਜ ਵਿੱਚ ਹਰੇਕ ਟੀਮ ਤਿੰਨ-ਤਿੰਨ ਮੈਚ ਖੇਡੇਗੀ। ਹਰ ਗਰੁੱਪ ਦੀਆਂ ਟਾਪ ਦੋ ਟੀਮਾਂ ਤੇ ਤੀਜੇ ਨੰਬਰ ‘ਤੇ ਰਹਿਣ ਵਾਲੀਆਂ 8 ਬੈੱਸਟ ਟੀਮਾਂ 32 ਟੀਮਾਂ ਦੇ ਨਾਕਆਊਟ ਸਟੇਜ ਵਿੱਚ ਪੁੱਜਣਗੀਆਂ। ਉੱਥੇ ਹਰ ਮੈਚ ਦਾ ਮਹੱਤਵ ਹੋਵੇਗਾ, ਕਿਉਂਕਿ ਜਿਹੜੀ ਟੀਮ ਹਾਰੀ, ਉਹ ਬਾਹਰ ਹੋ ਜਾਵੇਗੀ। ਇਸ ਤੋਂ ਬਾਅਦ ਪ੍ਰੀ-ਕੁਆਰਟਰ ਫਾਈਨਲ ਤੇ ਕੁਆਰਟਰ ਫਾਈਨਲ ਮੈਚ ਹੋਣਗੇ ਅਤੇ ਜਿੱਤਣ ਵਾਲੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪੁੱਜਣਗੀਆਂ।
ਇਟਲੀ ਦਾ ਕੁਆਲੀਫਾਈ ਨਾ ਕਰਨਾ ਸਭ ਤੋਂ ਵੱਡਾ ਉਲਟਫੇਰ ਰਿਹਾ। ਉਸ ਨੂੰ ਮੰਗਲਵਾਰ ਆਖਰੀ ਤੇ ਫੈਸਲਾਕੁੰਨ ਮੈਚ ਵਿੱਚ ਬੋਸਨੀਆ ਹਰਜ਼ੇਗੋਵੀਨਾ ਨੇ ਪੈਨਲਟੀ ਸ਼ੂਟ ਵਿੱਚ 4-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਰਾਕ ਨੇ 1986 ਤੋਂ ਬਾਅਦ ਵਾਪਸੀ ਕੀਤੀ ਹੈ। ਉਸ ਨੇ ਅੰਤਰ ਮਹਾਂਦੀਪੀ ਪਲੇਅ ਆਫ ਮੈਚ ਵਿੱਚ ਬੋਲੀਵੀਆ ਨੂੰ 2-1 ਨਾਲ ਹਰਾਇਆ।
ਕਈ ਸਾਲ ਜੰਗ ਨਾਲ ਝੰਬੇ ਇਰਾਕ ਦੇ ਖਿਡਾਰੀਆਂ ਨੇ ਦਿਖਾਇਆ ਕਿ ਫੁੱਟਬਾਲ ਸਿਰਫ ਇੱਕ ਖੇਡ ਨਹੀਂ, ਸਗੋਂ ਉਮੀਦ ਤੇ ਜਨੂੰਨ ਦਾ ਪ੍ਰਤੀਕ ਹੈ। ਇਸ ਵੇਲੇ ਜੰਗ ਵਿੱਚ ਉਲਝਿਆ ਈਰਾਨ ਵੀ ਕੁਆਲੀਫਾਈ ਕਰ ਚੁੱਕਾ ਹੈ। ਉਸ ਦੇ ਖੇਡਣ ਬਾਰੇ ਸੰਸਿਆਂ ਦਰਮਿਆਨ ਫੀਫਾ ਪ੍ਰਧਾਨ ਗਿਆਨੀ ਇਨਫੈਨਟੀਨੋ ਨੇ ਸਾਫ ਕੀਤਾ ਹੈ ਕਿ ਉਹ ਈਰਾਨ ਦੀ ਟੀਮ ਦੀ ਪੂਰੀ ਹਮਾਇਤ ਕਰਨਗੇ ਤੇ ਉਹ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਖੇਡੇਗੀ। ਪਿਛਲੀ ਵਾਰ ਅਰਜਨਟੀਨਾ ਨੇ ਤੀਜੀ ਵਾਰ ਟਰਾਫੀ ਜਿੱਤੀ ਸੀ।



