ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਚਾਰ ਪਸ਼ੂ ਜ਼ਿੰਦਾ ਸੜੇ

0
5

ਸੁਲਤਾਨਪੁਰ ਲੋਧੀ (ਧਾਲੀਵਾਲ, ਸੋਨੀਆ, ਪ੍ਰਦੀਪ ਸਿੰਘ)-ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਮਹੀਂਵਾਲ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਆਏ ਸੰਕਟ ਨੇ ਇੱਕ ਕਿਸਾਨ ਪਰਵਾਰ ਲਈ ਕਾਲ ਬਣ ਕੇ ਕਹਿਰ ਵਰਤਾਇਆ। ਅਚਾਨਕ ਲੱਗੀ ਅੱਗ ਨੇ ਕਿਸਾਨ ਅਮਰ ਸਿੰਘ ਮੰਡ ਦੀ ਰੋਜ਼ੀ-ਰੋਟੀ ਨੂੰ ਪਲਾਂ ਵਿੱਚ ਸੁਆਹ ਕਰ ਦਿੱਤਾ। ਇਸ ਹਾਦਸੇ ਵਿੱਚ ਉਸ ਦੇ ਚਾਰ ਪਸ਼ੂ ਮੌਕੇ ‘ਤੇ ਹੀ ਜਿੰਦਾ ਸੜ ਕੇ ਮਰ ਗਏ, ਜਦਕਿ ਦੋ ਤੋਂ ਤਿੰਨ ਹੋਰ ਪਸ਼ੂ ਗੰਭੀਰ ਜ਼ਖਮੀ ਹੋ ਗਏ ।ਅੱਗ ਇੰਨੀ ਭਿਆਨਕ ਸੀ ਕਿ ਪਰਵਾਰ ਅਤੇ ਪਿੰਡ ਵਾਸੀਆਂ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਵੀ ਬੇਅਸਰ ਸਾਬਤ ਹੋਈਆਂ। ਇਸ ਹਾਦਸੇ ਨਾਲ ਕਿਸਾਨ ਪਰਵਾਰ ਨੂੰ ਲੱਖਾਂ ਰੁਪਏ ਦਾ ਆਰਥਿਕ ਝਟਕਾ ਲੱਗਾ ਹੈ। ਪਿੰਡ ਵਾਸੀਆਂ ਅਨੁਸਾਰ ਅੱਗ ਕਾਰਨ ਕੁਝ ਗਾਵਾਂ ਅਤੇ ਉਨ੍ਹਾਂ ਦੇ ਬੱਚੇ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਪੀੜਤ ਕਿਸਾਨ ਨੂੰ ਯੋਗ ਮੁਆਵਜ਼ਾ ਦੇਵੇ। ਇਸ ਦੌਰਾਨ ਪਟਵਾਰੀ ਸੁਖਬੀਰ ਸਿੰਘ ਤਲਵੰਡੀ ਚੌਧਰੀਆਂ ਨੇ ਵੀ ਮੌਕੇ ‘ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਮੌਕੇ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜੋ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।ਪ੍ਰਸ਼ਾਸਨ ਵੱਲੋਂ ਪੀੜਤ ਪਰਵਾਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਨੁਕਸਾਨ ਦੀ ਪੂਰੀ ਜਾਂਚ ਕਰਕੇ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ।ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਬਿਜਲੀ ਪ੍ਰਣਾਲੀ ਨੂੰ ਤੁਰੰਤ ਠੀਕ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।