ਪਟਿਆਲਾ ਬੁੱਧਵਾਰ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਆਗੂਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਐਕਸ਼ਨ ਕਮੇਟੀ ਦੀ ਮੀਟਿੰਗ ਉਪਰੰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਤੰਬਰ ਮਹੀਨਾ ਵੀ ਖਤਮ ਹੋ ਗਿਆ ਹੈ, ਪਰ ਅਜੇ ਤੱਕ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਅਗਸਤ ਮਹੀਨੇ ਦੀ ਨਾ ਹੀ ਤਨਖਾਹ ਮਿਲੀ ਅਤੇ ਨਾ ਹੀ ਸੇਵਾ-ਮੁਕਤ ਬਜ਼ੁਰਗਾਂ ਨੂੰ ਪੈਨਸ਼ਨ ਨਸੀਬ ਹੋਈ। ਇਸ ਜ਼ੁਲਮ ਲਈ ਪੰਜਾਬ ਦੀ ਮਾਨ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ, ਕਿਉਂਕਿ ਉਹ ਪੀ ਆਰ ਟੀ ਸੀ ਨੂੰ ਮੁਫਤ ਸਫਰ ਸਹੂਲਤਾਂ ਬਦਲੇ ਬਣਦਾ 300 ਕਰੋੜ ਰੁਪਏ ਦਾ ਬਕਾਇਆ ਦੇਣ ਦਾ ਨਾਂਅ ਨਹੀਂ ਲੈਂਦੀ। ਇਸ ਲਹੂ-ਪੀਣੀ ਮਹਿੰਗਾਈ ਦੇ ਦੌਰ ਵਿੱਚ ਕਿਰਤੀ ਨੂੰ 2 ਮਹੀਨੇ ਤੱਕ ਉਸ ਦੀ ਉਜਰਤ ਨਾ ਮਿਲੇ ਤਾਂ ਸੰਜੀਦਾ ਸਰਕਾਰ ਅਤੇ ਸੰਜੀਦਾ ਅਫਸਰਸ਼ਾਹੀ ਤਾਂ ਸ਼ਰਮਸਾਰ ਹੋ ਸਕਦੀ ਹੈ, ਪਰ ਹੰਕਾਰ ਦੇ ਘੋੜੇ ’ਤੇ ਸਵਾਰ ਅਤੇ ਬੇਲਗਾਮ ਉੱਚ ਅਫਸਰਸ਼ਾਹੀ, ਜਿਨ੍ਹਾਂ ਦੇ ਘਰਾਂ ਵਿੱਚ ਦੌਲਤਾਂ ਦੇ ਅੰਬਾਰ ਹੋਣ, ਉਹਨਾਂ ਨੂੰ ਆਮ ਉਜਰਤਜੀਵੀ ਮੁਲਾਜ਼ਮ, ਮਜ਼ਦੂਰ ਬਿਨਾਂ ਤਨਖਾਹ, ਪੈਨਸ਼ਨ ਤੋਂ ਕਿਵੇਂ ਜ਼ਿੰਦਗੀ ਬਸਰ ਕਰ ਰਿਹਾ ਹੋਵੇਗਾ, ਇਹ ਅਹਿਸਾਸ ਉਕਾ ਹੀ ਨਹੀਂ ਹੋ ਸਕਦਾ। ਇਸ ਫੋਕੀ ਇਸ਼ਤਿਹਾਰਬਾਜ਼ੀ ਅਤੇ ਝੂਠ ਨਾਲ ਡੰਗ ਟਪਾਈ ਕਰ ਰਹੀ ਸਰਕਾਰ ਨੂੰ ਅਹਿਸਾਸ ਕਰਵਾਉਣ ਲਈ ਇਕੋ-ਇੱਕ ਤਰੀਕਾ ਬਾਕੀ ਹੈ, ਉਹ ਹੈ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਝੂਠੇ ਦੰਭ ਦਾ ਜਨਤਕ ਤੌਰ ’ਤੇ ਪਰਦਾ ਫਾਸ਼ ਕਰਨਾ। ਇਸੇ ਦਿਸ਼ਾ ਵਿੱਚ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ 30 ਸਤੰਬਰ ਨੂੰ ਪਟਿਆਲਾ ਵਿਖੇ ਬੱਸ ਸਟੈਂਡ ਦੇ ਗੇਟ ’ਤੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਜਨਤਾ ਦੀ ਕਚਹਿਰੀ ਵਿੱਚ ਸਰਕਾਰ ਦਾ ਭਾਂਡਾ ਭੰਨਣ ਲਈ ਰੋਸ ਮਾਰਚ ਵੀ ਕੀਤਾ ਜਾਵੇਗਾ ਅਤੇ ਉਸੇ ਦਿਨ ਇੱਕ ਵਿਲਖਣ ਕਿਸਮ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ। ਤਨਖਾਹ/ ਪੈਨਸ਼ਨ ਤੋਂ ਇਲਾਵਾ ਵਰਕਰਾਂ ਦੀਆਂ ਹੋਰ ਹੱਕੀ ਮੰਗਾਂ ’ਤੇ ਵੀ ਡਾਕਾ ਪੈ ਚੁੱਕਾ ਹੈ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਨੂੰ ਕਿਹਾ ਕਿ ਤੁਹਾਡੇ ਰਾਜ ਵਿੱਚ ਟਰਾਂਸਪੋਰਟ ਮਾਫੀਆ ਪੁਨਰ-ਸੁਰਜੀਤ ਹੋ ਚੁੱਕਾ ਹੈ, ਅਦਾਲਤੀ ਹੁਕਮ ਅਤੇ ਟਾਈਮ ਟੇਬਲਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਮੰਤਰੀ ਦੀ ਕਾਰਗੁਜ਼ਾਰੀ ਸਿਫਰ ਦੇ ਬਰਾਬਰ ਹੈ, ਜਿਹੜੀ ਕਈ ਕਿਸਮ ਦੇ ਸ਼ੰਕੇ ਖੜੇ ਕਰਦੀ ਹੈ। ਇਸੇ ਤਰ੍ਹਾਂ ਸਮਾਜ ਭਲਾਈ ਮਹਿਕਮੇ ਦਾ ਇੱਕ ਆਈ ਏ ਐੱਸ ਅਧਿਕਾਰੀ ਸਮਾਜ ਵਿਰੋਧੀ ਕਦਮ ਚੁੱਕਣ ਤੋਂ ਗੁਰੇਜ਼ ਨਾ ਕਰਦੇ ਹੋਏ ਪੀ ਆਰ ਟੀ ਸੀ ਦੇ ਮੁਫਤ ਸਫਰ ਸਹੂਲਤਾਂ ਦਾ ਪੈਸਾ ਮਿਲਣ ਦੇ ਰਾਹ ਵਿੱਚ ਤਰ੍ਹਾਂ-ਤਰ੍ਹਾਂ ਦੇ ਰੋੜੇ ਅਟਕਾ ਕੇ ਆਪਣੀ ਹੈਂਕੜ ਅਤੇ ਗੈਰ-ਸੰਜੀਦਗੀ ਦਾ ਸਬੂਤ ਦੇ ਰਹੇ ਹਨ। ਅਜਿਹਾ ਅਧਿਕਾਰੀ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਮੀਟਿੰਗ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ, ਉਹਨਾਂ ਵਿੱਚ ਗੁਰਵਿੰਦਰ ਸਿੰਘ ਗੋਲਡੀ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਸੁੱਚਾ ਸਿੰਘ ਅਤੇ ਉਤਮ ਸਿੰਘ ਬਾਗੜੀ ਹਨ।