ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਰਾਘਵ ਚੱਢਾ ਨੂੰ ਸਦਨ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਨਵਾਂ ਡਿਪਟੀ ਲੀਡਰ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੱਢਾ, ਜੋ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ, ਨੂੰ ‘ਆਪ’ ਦੇ ਕੋਟੇ ਵਿੱਚੋਂ ਸਦਨ ਵਿੱਚ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ। ਮੌਜੂਦਾ ਸਮੇਂ ਵਿੱਚ ਰਾਜ ਸਭਾ ਵਿੱਚ ‘ਆਪ’ ਦੇ 10 ਮੈਂਬਰ ਹਨ, ਜਿਨ੍ਹਾਂ ਵਿੱਚ ਸੱਤ ਪੰਜਾਬ ਤੋਂ ਅਤੇ ਤਿੰਨ ਦਿੱਲੀ ਤੋਂ ਹਨ।
3-4 ਤੇ 7-9 ਅਪ੍ਰੈਲ ਨੂੰ ਮੌਸਮ ਵਿਗੜਨ ਦਾ ਡਰ
ਚੰਡੀਗੜ੍ਹ : ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਗੜਬੜੀ ਵੱਲੋਂ 3-4 ਅਪਰੈਲ ਨੂੰ ਖੇਤਰ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 7-9 ਅਪਰੈਲ ਤੱਕ ਦੂਜਾ ਦੌਰ ਆਵੇਗਾ। ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸਿੰਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ।
ਹਨੀ ਤੇ ਬਾਦਸ਼ਾਹ ਦਾ ਗਾਣਾ ਤੁਰੰਤ ਹਟਾਉਣ ਦਾ ਹੁਕਮ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਰੈਪਰ ਹਨੀ ਸਿੰਘ ਅਤੇ ਬਾਦਸ਼ਾਹ ਨਾਲ ਜੁੜੇ ਵਿਵਾਦਤ ਗੀਤ ‘ਵਾਲਿਊਮ 1’ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤਾ। ਜਸਟਿਸ ਪੁਰਸ਼ੈਨਦਰ ਕੁਮਾਰ ਕੌਰਵ ਨੇ ਕਿਹਾ ਕਿ ਇਸ ਗੀਤ ਦੇ ਬੋਲ ਬਹੁਤ ਜ਼ਿਆਦਾ ਅਸ਼ਲੀਲ ਅਤੇ ਔਰਤਾਂ ਦਾ ਅਪਮਾਨ ਕਰਨ ਵਾਲੇ ਹਨ, ਜਿਨ੍ਹਾਂ ਨੂੰ ਕਿਸੇ ਵੀ ਡਿਜੀਟਲ ਪਲੇਟਫਾਰਮ ‘ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਗੀਤ ਸੱਭਿਅਕ ਸਮਾਜ ਦੇ ਮਿਆਰਾਂ ਦੇ ਖਿਲਾਫ ਹੈ ਅਤੇ ਕਲਾਤਮਕ ਆਜ਼ਾਦੀ ਜਾਂ ਬੋਲਣ ਦੀ ਆਜ਼ਾਦੀ ਦੇ ਨਾਂਅ ‘ਤੇ ਅਜਿਹੀ ਸਮੱਗਰੀ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਅਦਾਲਤ ਅਨੁਸਾਰ ਇਹ ਸਮੱਗਰੀ ਏਨੀ ਇਤਰਾਜ਼ਯੋਗ ਹੈ ਕਿ ਇਸ ਦਾ ਸਿਰਲੇਖ ਵੀ ਅਦਾਲਤੀ ਹੁਕਮਾਂ ਵਿੱਚ ਲਿਖਣ ਦੇ ਯੋਗ ਨਹੀਂ ਹੈ।


