116 ਕਰੋੜ ਦੇ ਘਪਲੇ ‘ਚ ਅਫਸਰ ਬੀਬੀ ਗ੍ਰਿਫਤਾਰ

0
13

ਚੰਡੀਗੜ੍ਹ : ਸਥਾਨਕ ਪੁਲਸ ਨੇ ਸਮਾਰਟ ਸਿਟੀ ਪ੍ਰੋਜੈਕਟ ਦੀ ਚੀਫ ਫਾਈਨਾਂਸ਼ੀਅਲ ਅਫਸਰ (ਸੀ ਐੱਫ ਓ) ਨਲਿਨੀ ਮਲਿਕ ਨੂੰ 116 ਕਰੋੜ ਰੁਪਏ ਦੇ ਆਈ ਡੀ ਐੱਫ ਸੀ ਫਸਟ ਬੈਂਕ ਘਪਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਰਥਿਕ ਅਪਰਾਧ ਸ਼ਾਖਾ (ਈ ਓ ਡਬਲਿਊ) ਵੱਲੋਂ ਨਗਰ ਨਿਗਮ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਫਰਜ਼ੀ ਫਿਕਸਡ ਡਿਪਾਜ਼ਿਟ ਮਾਮਲੇ ਵਿੱਚ ਕੀਤੀ ਗਈ ਹੈ। ਪੁਲਸ ਅਨੁਸਾਰ ਨਲਿਨੀ ਮਲਿਕ ਨੇ ਬੈਂਕ ਮੈਨੇਜਰ ਰਿਭਵ ਰਿਸ਼ੀ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਫਰਜ਼ੀ ਕੰਪਨੀਆਂ (ਸ਼ੈੱਲ ਫਰਮਾਂ) ਬਣਾਈਆਂ ਅਤੇ ਜਨਤਕ ਪੈਸੇ ਦਾ ਗਬਨ ਕੀਤਾ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੈਂਕ ਮੈਨੇਜਰ ਰਿਭਵ ਰਿਸ਼ੀ ਨੇ ਨਲਿਨੀ ਮਲਿਕ ਅਤੇ ‘ਕਰੈਸਟ’ ਦੇ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਦੀ ਮਿਲੀਭੁਗਤ ਨਾਲ ਨਗਰ ਨਿਗਮ ਦੇ ਖਾਤੇ ਖੋਲ੍ਹੇ ਅਤੇ 116 ਕਰੋੜ ਰੁਪਏ ਦੀਆਂ ਫਰਜ਼ੀ ਐੱਫ ਡੀ ਆਰ ਤਿਆਰ ਕੀਤੀਆਂ। ਇਹ ਰਕਮ ਬਾਅਦ ਵਿੱਚ ਰੀਅਲ ਅਸਟੇਟ ਕਾਰੋਬਾਰ ਵਿੱਚ ਨਿਵੇਸ਼ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਨਕਦ ਅਤੇ ਬੈਂਕ ਖਾਤਿਆਂ ਰਾਹੀਂ ਪਹੁੰਚਾਈ ਗਈ। ਇਹ ਘਪਲਾ ਉਦੋਂ ਉਜਾਗਰ ਹੋਇਆ, ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਲਿਮਟਿਡ ਦੇ ਬੰਦ ਹੋਣ ਸਮੇਂ ਆਪਣੀਆਂ ਐੱਫ ਡੀ ਆਰ ਤੁੜਵਾਉਣ ਲਈ ਬੈਂਕ ਨਾਲ ਸੰਪਰਕ ਕੀਤਾ, ਪਰ ਬੈਂਕ ਰਿਕਾਰਡ ਵਿੱਚ ਉਹ ਪੈਸਾ ਮੌਜੂਦ ਹੀ ਨਹੀਂ ਸੀ। ਇਸ ਮਾਮਲੇ ਵਿੱਚ ਪੁਲਸ ਪਹਿਲਾਂ ਹੀ ਸੁਖਵਿੰਦਰ ਸਿੰਘ ਅਤੇ ਅਕਾਊਂਟੈਂਟ ਸਾਹਿਲ ਕੁੱਕੜ ਨੂੰ ਗ੍ਰਿਫਤਾਰ ਕਰ ਚੁੱਕੀ ਹੈ।