ਲੁਧਿਆਣਾ (ਗਿਆਨ ਸੈਦਪੁਰੀ)
ਇੱਥੇ ਇੰਦਰਾ ਨਗਰ ਸਥਿਤ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਕੌਂਸਲ ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਮੀਟਿੰਗ ਦੇ ਸ਼ੁਰੂ ਵਿੱਚ ਪਿਛਲੀ ਜਨਰਲ ਕੌਂਸਲ ਮੀਟਿੰਗ ਉਪਰੰਤ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਹਨਾਂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੱਦਾਵਾਰ ਆਗੂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਾਰਜਕਰਨੀ ਮੈਂਬਰ ਰਹੇ ਆਰ ਲਾਲਾਕੰਨੁ (ਤਾਮਿਲਨਾਡੂ), ਰੈੱਡ ਗਾਰਡ ਅਮਰੀਕ ਸਿੰਘ ਦਿੱਲੀ, ਰੰਗਕਰਮੀ ਜੁਗਿੰਦਰ ਸਿੰਘ ਨਾਹਰ ਨੱਥੂਵਾਲ, ਸਵਰਨ ਕੌਰ ਢੋਟੀਆਂ, ਬੂਟਾ ਸਿੰਘ ਦਾਰਾਪੁਰ, ਦਰਸ਼ਨ ਸਿੰਘ ਜਿਊਣ ਵਾਲਾ, ਰਾਮ ਲਾਲ ਚੱਕ ਗੁਰੂ, ਸੁਤੰਤਰ ਕੁਮਾਰ ਨਵਾਂ ਸ਼ਹਿਰ, ਗਗਨਦੀਪ ਸਿੰਘ ਡੀ ਐੱਮ ਮਾਰਕਫੈੱਡ ਅੰਮ੍ਰਿਤਸਰ, ਘੁੰਮਣ ਸਿੰਘ ਧੂੜਕੋਟ, ਸੁਦਾਗਰ ਸਿੰਘ ਦੀਨਾਨਗਰ, ਅਨੂਪ ਸਿੰਘ ਪੰਡੋਰੀ, ਮਹਿੰਗਾ ਰਾਮ ਕੋਟੜਾ, ਨਿਰਮਲ ਸਿੰਘ ਸੋਹੀ ਬਠਿੰਡਾ, ਪ੍ਰਕਾਸ਼ ਸਿੰਘ ਤਰਨ ਤਾਰਨ ਤੇ ਦਰਸ਼ਨ ਸਿੰਘ ਕਲਿਆਣ ਸ਼ਾਹਕੋਟ ਸ਼ਾਮਲ ਹਨ।
ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸਭਾ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਪੇਸ਼ ਕਰਦਿਆ ਉਹਨਾ ਉਨ੍ਹਾਂ ਮੌਕਿਆਂ ਦਾ ਜ਼ਿਕਰ ਕੀਤਾ, ਜਦੋਂ ਪੰਜਾਬ ਖੇਤ ਮਜ਼ਦੂਰ ਸਭਾ ਨੇ ਭਰਪੂਰ ਸਰਗਰਮੀ ਅਤੇ ਤਨਦੇਹੀ ਨਾਲ ਕੰਮ ਕਰਕੇ ਸੰਘਰਸ਼ਾਂ ਦੌਰਾਨ ਸਫਲਤਾਵਾਂ ਪ੍ਰਾਪਤ ਕੀਤੀਆਂ। ਸਰਹਾਲੀ ਕਲਾਂ ਨੇ ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਿਲ ਕੇ ਕੀਤੀਆਂ ਜਾ ਰਹੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਇਹਨਾਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ। ਪਿੱਛੇ ਜਿਹੇ ਚੰਡੀਗੜ੍ਹ ਵਿੱਚ ਹੋਈ ਪਾਰਟੀ ਕਾਂਗਰਸ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਸੀ ਪੀ ਆਈ ਅਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਦੇ ਸਾਂਝੇ ਉਦਮ ਨਾਲ ਇਹ ਪੂਰੀ ਤਰ੍ਹਾਂ ਸਫਲ ਰਹੀ। ਪਾਰਟੀ ਕਾਂਗਰਸ 25 ਸਾਲ ਦੇ ਅਰਸੇ ਬਾਅਦ ਪੰਜਾਬ ਦੇ ਹਿੱਸੇ ਆਈ ਸੀ। ਇਹ ਮੌਕਾ ਇੱਕ ਚੁਣੌਤੀ ਵੀ ਸੀ, ਜੋ ਪੰਜਾਬ ਦੇ ਕਮਿਊਨਿਸਟ ਆਗੂਆਂ ਅਤੇ ਕਾਰਕੁਨਾਂ ਨੇ ਕਬੂਲ ਕਰਕੇ ਸਫਲਤਾ ਦੇ ਝੰਡੇ ਗੱਡੇ। ਪਾਰਟੀ ਕਾਂਗਰਸ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਭੂਮਿਕਾ ਦੀ ਗੱਲ ਕਰਦਿਆਂ ਜਨਰਲ ਸਕੱਤਰ ਨੇ ਕਿਹਾ ਕਿ ਭਾਵੇਂ ਇਸ ਵਿੱਚ ਮਜ਼ਦੂਰਾਂ ਦੀ ਸ਼ਮੂਲੀਅਤ, ਭਾਵੇਂ ਫੰਡ ਦਾ ਮਾਮਲਾ ਹੋਵੇ, ਦੋਹਾਂ ਵਿੱਚ ਸਭਾ ਦੇ ਕੋਟੇ ਤੋਂ ਵੱਧ ਸਹਿਯੋਗ ਰਿਹਾ। ਉਹਨਾ ਕਿਹਾ ਕਿ ਇਸ ਸ਼ਾਨਦਾਰ ਭੂਮਿਕਾ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦਾ ਕੱਦ ਹੋਰ ਉਚਾ ਹੋਇਆ ਹੈ। ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ‘ਤੇ ਭਰਪੂਰ ਬਹਿਸ ਹੋਈ। ਇਸ ਬਹਿਸ ਵਿੱਚ ਨਿਰੰਜਨ ਦਾਸ ਮੇਹਲੀ, ਨਵਾਂ ਸ਼ਹਿਰ, ਐਡਵੋਕੇਟ ਸੁਰਜੀਤ ਸਿੰਘ ਸੋਹੀ ਬਠਿੰਡਾ, ਹਰਦੇਵ ਸਿੰਘ ਬਡਲਾ ਫਤਿਹਗੜ੍ਹ ਸਾਹਿਬ, ਨਿਰੰਜਨ ਸਿੰਘ ਸੰਗਰੂਰ, ਰਿਸ਼ੀਪਾਲ ਫਾਜ਼ਿਲਕਾ, ਰਸ਼ਪਾਲ ਸਿੰਘ ਤਰਨ ਤਾਰਨ, ਬਲਬੀਰ ਸਿੰਘ ਮੱਲ੍ਹੀ ਗੁਰਦਾਸਪੁਰ, ਮੰਗਲ ਸਿੰਘ ਅੰਮ੍ਰਿਤਸਰ (ਦਿਹਾਤੀ), ਕੁਲਵੰਤ ਸਿੰਘ ਲੁਧਿਆਣਾ, ਨਾਨਕ ਚੰਦ ਬਜਾਜ ਮੁਕਤਸਰ, ਸੁਰਜੀਤ ਸਿੰਘ ਸਰਦਾਰਗੜ੍ਹ ਬਠਿੰਡਾ ਆਦਿ ਨੇ ਹਿੱਸਾ ਲਿਆ। ਕੁਝ ਵਾਧਿਆਂ ਸਮੇਤ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਬਹਿਸ ਦਾ ਜਵਾਬ ਦਿੰਦਿਆਂ ਦੇਵੀ ਕੁਮਾਰੀ ਨੇ ਆਏ ਸੁਝਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਭਾ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਉਹਨਾ ਕਿਹਾ ਕਿ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜੈਅੰਤੀ ਮਨਾਈ ਜਾਵੇਗੀ। ਪਹਿਲੀ ਮਈ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਵੇਗਾ। 15 ਮਈ ਨੂੰ ਮਨਰੇਗਾ ਬਚਾਓ ਦਿਵਸ ਸੰਜੀਦਗੀ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸਭਾ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਨਵੈਨਸ਼ਨਾ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਮੀਟਿੰਗ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾ ਕਿਹਾ ਕਿ ਮਜ਼ਦੂਰਾਂ ਨੂੰ ਹਰ ਮਾਮਲੇ ਵਿੱਚ ਸਿੱਖਿਅਤ ਹੋਣਾ ਸਮੇਂ ਦੀ ਅਹਿਮ ਲੋੜ ਹੈ।ਇਸ ਸੰਦਰਭ ਵਿੱਚ ਮਈ ਜਾਂ ਜੂਨ ਮਹੀਨੇ ਵਿੱਚ ਹਿੰਦੀ ਭਾਸ਼ੀ ਪੰਜ ਦਿਨਾਂ ਦਾ ਸਕੂਲ ਲਗਾਉਣਾ ਵਿਚਾਰ ਅਧੀਨ ਹੈ। ਜਨਰਲ ਕੌਂਸਲ ਦੀ ਮੀਟਿੰਗ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਆਪਣੇ ਸੰਬੋਧਨ ਵਿੱਚ ਸਥਾਨਕ, ਸੂਬਾ, ਮੁਲਕ ਅਤੇ ਅੰਤਰਰਾਸ਼ਟਰੀ ਪ੍ਰਸਥਿਤੀਆਂ ਦਾ ਜ਼ਿਕਰ ਕੀਤਾ। ਉਹਨਾ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਸਭਾ ਦਾ ਇਤਿਹਾਸ ਸ਼ਾਨਾਮੱਤਾ ਹੈ। ਇਸ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ।ਉਹਨਾ ਕਿਹਾ ਪੰਜਾਬ ਵਿੱਚ ਲੋਕਾਂ ਦੀ ਬਿਹਤਰੀ ਲਈ ਮਿਥੇ ਨਿਸ਼ਾਨੇ ਦੀ ਪੂਰਤੀ ਤਦ ਹੀ ਸੰਭਵ ਹੈ, ਜਦੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਏਕੇ ਨਾਲ ਕਮਿਊਨਿਸਟ ਪਾਰਟੀ ਨੂੰ ਤਕੜਾ ਕੀਤਾ ਜਾਵੇਗਾ। ਖੇਤ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦਿਆਂ ਗੋਰੀਆਂ ਨੇ ਕਿਹਾ ਕਿ ਇਹਨਾਂ ਨੂੰ ਜਿੱਥੇ ਆਰਥਿਕ ਮੁਹਾਜ਼ ‘ਤੇ ਲੜਨਾ ਪੈ ਰਿਹਾ ਹੈ, ਉੱਥੇ ਸਮਾਜਕ ਨਿਆਂ ਲਈ ਵੀ ਇਹ ਵਰਗ ਜੂਝ ਰਿਹਾ ਹੈ। ਕਮਿਊਨਿਸਟ ਪਾਰਟੀਆਂ ਦੇ ਉਦਮ ਸਦਕਾ ਮਨਰੇਗਾ ਕਾਨੂੰਨ ਹੋਂਦ ਵਿੱਚ ਆਇਆ ਸੀ। ਗਰੀਬਾਂ ਦਾ ਚੁੱਲ੍ਹਾ ਤਪਦਾ ਰੱਖਣ ਲਈ ਕਮਿਊਨਿਸਟਾਂ ਦੀ ਕੋਸ਼ਿਸ਼ ਸਫਲ ਵੀ ਹੁੰਦੀ ਨਜ਼ਰ ਆ ਰਹੀ ਸੀ। ਮੋਦੀ ਸਰਕਾਰ ਨੇ ਇਸ ਕਾਨੂੰਨ ਦਾ ਰੂਪ ਬਦਲ ਕੇ ਗਰੀਬ ਮਜ਼ਦੂਰਾਂ ‘ਤੇ ਘਾਤਕ ਹੱਲਾ ਬੋਲਿਆ ਹੈ। ਗੋਰੀਆ ਨੇ ਪੰਜਾਬ ਸਰਕਾਰ ਦੀ ਗਰੀਬਾਂ ਪ੍ਰਤੀ ਪਹੁੰਚ ਨੂੰ ਵੀ ਨਿਰਾਸ਼ਾਜਨਕ ਦੱਸਿਆ। ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਨਾਲ ਵਿਛਦੇ ਸੱਥਰਾਂ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਵੱਖ-ਵੱਖ ਸਰਕਾਰਾਂ ਦੀ ਪੁਸ਼ਤਪਨਾਹੀ ਇਸ ਸਭ ਕਾਸੇ ਲਈ ਜ਼ਿੰਮੇਵਾਰ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਹੈਂਕੜਬਾਜ਼ੀ ਨਾਲ ਸੜ ਰਹੇ ਮੱਧ ਏਸ਼ੀਆ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਅਤੀਤ ਵਿੱਚ ਕਮਿਊਨਿਸਟ ਅਮਨ ਲਹਿਰ ਦਾ ਹਿੱਸਾ ਰਹੇ ਹਨ। ਹੁਣ ਵੀ ਅਸੀਂ ਟਰੰਪ ਦੀਆਂ ਆਪਹੁਦਰੀਆਂ ਦੀ ਨਿਖੇਧੀ ਕਰਦੇ ਹਾਂ।





