ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਵਿੱਚ ਕਥਿਤ ਲਾਪਰਵਾਹੀ ਵਿਰੁੱਧ ਕਾਰਵਾਈ ਕੀਤੀ ਹੈ। ਸਨਿੱਚਰਵਾਰ ਇੱਥੇ ਇੱਕ ਪਾਰਟੀ ਮੀਟਿੰਗ ਦੌਰਾਨ ਇੱਕ ਸਰਪੰਚ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਮਾਨ ਨੇ ਕੋਟ ਸ਼ਮੀਰ ਪੁਲਸ ਚੌਕੀ ਦੇ ਪੂਰੇ ਸਟਾਫ ਨੂੰ ਤਬਦੀਲ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ਨੇ ਚੌਕੀ ਇੰਚਾਰਜ ਸਮੇਤ 11 ਪੁਲਸ ਮੁਲਾਜ਼ਮਾਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਤਿੰਨ ਏ ਐੱਸ ਆਈ, ਚਾਰ ਸੀਨੀਅਰ ਕਾਂਸਟੇਬਲ, ਇੱਕ ਕਾਂਸਟੇਬਲ ਅਤੇ ਤਿੰਨ ਹੋਮ ਗਾਰਡ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ਸਦਰ ਥਾਣੇ ਦੇ ਐੱਸ ਐੱਚ ਓ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਗੁਲਾਬਗੜ੍ਹ ਦੇ ਸਰਪੰਚ ਲੱਖਾ ਸਿੰਘ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਪਿੰਡ ਵਿੱਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਅਤੇ ਸਥਾਨਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਜਨਤਕ ਤੌਰ ‘ਤੇ ਜਾਣਕਾਰੀ ਦਿੱਤੀ ਸੀ। ਮੁੱਖ ਮੰਤਰੀ ਨੇ ਤੁਰੰਤ ਨੋਟਿਸ ਲੈਂਦਿਆਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਮੁੱਦੇ ‘ਤੇ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।




