ਨਵੀਂ ਦਿੱਲੀ : ਭਾਰਤ-ਤਿੱਬਤ ਸੀਮਾ ਪੁਲਸ (ਆਈ ਟੀ ਬੀ ਪੀ) ਦੀਆਂ ਮਹਿਲਾ ਜਵਾਨ ਮਈ-ਜੂਨ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਚੜ੍ਹਾਈ ਕਰਨਗੀਆਂ। ਇਹ ਆਈ ਟੀ ਬੀ ਪੀ ਦੀ ਪਹਿਲੀ ਅਜਿਹੀ ਮੁਹਿੰਮ ਹੈ, ਜਿਸ ਵਿੱਚ ਕੇਵਲ ਮਹਿਲਾਵਾਂ ਸ਼ਾਮਲ ਹੋਣਗੀਆਂ।
ਇਸ ਦਾ ਮੁੱਖ ਮਕਸਦ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਨੂੰ ਉੱਚੇ ਪਹਾੜਾਂ ‘ਤੇ ਕੰਮ ਕਰਨ ਲਈ ਹੋਰ ਵੀ ਨਿਪੁੰਨ ਬਣਾਉਣਾ ਹੈ। ਇਸ ਮੁਹਿੰਮ ਲਈ 17 ਮੈਂਬਰੀ ਟੀਮ ਬਣਾਈ ਗਈ ਹੈ, ਜਿਸ ਵਿੱਚ ਤਿੰਨ ਪੁਰਸ਼ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 14 ਮੈਂਬਰ ਪਹਾੜ ਦੀ ਚੜ੍ਹਾਈ ਕਰਨਗੇ, ਜਦਕਿ 3 ਮੈਂਬਰ ਮਦਦ ਲਈ ਬੇਸ ਕੈਂਪ ‘ਤੇ ਰਹਿਣਗੇ। ਇਹ ਚੜ੍ਹਾਈ ਤਿੱਬਤ ਦੀ ਬਜਾਏ ਨੇਪਾਲ ਵਾਲੇ ਰਸਤੇ ਤੋਂ ਕੀਤੀ ਜਾਵੇਗੀ।
4 ਕਿੱਲੋ ਹੈਰੋਇਨ ਫੜੀ
ਅੰਮ੍ਰਿਤਸਰ : ਪੁਲਸ ਕਮਿਸ਼ਨਰੇਟ ਨੇ ਆਤਿਸ਼ ਸੁਮਨ ਅਤੇ ਸਵਿੰਦਰ ਸਿੰਘ ਉਰਫ ਸੁੰਦਰੀ ਨੂੰ ਗ੍ਰਿਫਤਾਰ ਕਰਕੇ 4 ਕਿੱਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮਗਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰੋਂ ਮਿਲਦੇ ਇਸ਼ਾਰਿਆਂ ਮੁਤਾਬਕ ਤੈਅ ਕੀਤੀਆਂ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਦੇ ਸਨ ਅਤੇ ਫਿਰ ਅੱਗੇ ਹੋਰ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ। ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।




