ਮੋਦੀ ਨੇ ਈਰਾਨ ਦਾ ਸਾਥ ਨਾ ਦੇ ਕੇ ਦੇਸ਼ ਨੂੰ ਸੰਕਟ ‘ਚ ਪਾਇਆ : ਅਰਸ਼ੀ, ਮਾੜੀਮੇਘਾ

0
12

ਅੰਮ੍ਰਿਤਸਰ : ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਾਤੀ ਦੀ ਮੀਟਿੰਗ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਬਰਜਿੰਦਰ ਸਿੰਘ ਜੋਸਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤਾ ਗਿਆ ਹਮਲਾ ਕੌਮਾਂਤਰੀ ਕਨੂੰਨਾਂ ਅਤੇ ਯੂ ਐੱਨ ਓ ਦੀਆਂ ਗਾਈਡ ਲਾਈਨਾਂ ਦੀ ਉਲੰਘਣਾ ਹੈ। ਇੱਕ ਆਜ਼ਾਦ ਦੇਸ਼ ‘ਤੇ ਇਸ ਤਰਾਂ ਹਮਲਾ ਕਰਕੇ ਉਸ ਦੇਸ਼ ਦੇ ਲੋਕਾਂ ਅਤੇ ਖਾਸ ਕਰਕੇ ਵਪਾਰਕ, ਵਿਦਿਅਕ ਸੰਸਥਾਵਾਂ ਨੂੰ ਤਬਾਹ ਕਰਨਾ ਮਨੁੱਖਤਾ ਵਿਰੋਧੀ ਅਪਰਾਧ ਹੈ। ਇਸ ਜੰਗ ਦੇ ਭਿਆਨਕ ਸਿੱਟਿਆਂ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ। ਈਰਾਨ ਦੇ ਬਹਾਦਰ ਲੋਕਾਂ ਵੱਲੋਂ ਬੜੀ ਨਿਡਰਤਾ ਨਾਲ ਲੜ ਕੇ ਅਮਰੀਕਾ-ਇਜ਼ਰਾਈਲ ਦੀਆਂ ਗੋਡਣੀਆਂ ਲਵਾਈਆਂ ਜਾ ਰਹੀਆਂ ਹਨ। ਉਹਨਾਂ ਭਾਰਤ ਸਰਕਾਰ ਵੱਲੋਂ ਧਾਰਨ ਕੀਤੀ ਵਿਦੇਸ਼ ਨੀਤੀ ਦੀ ਜ਼ੋਰਦਾਰ ਅਲੋਚਨਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੁਰਾਣੇ ਮਿੱਤਰ ਈਰਾਨ ਦਾ ਇਸ ਜੰਗ ਵਿੱਚ ਸਾਥ ਨਾ ਦੇ ਕਿ ਦੇਸ਼ ਦੀ ਗੁੱਟ ਨਿਰਲੇਪ ਨੀਤੀ ਨੂੰ ਤਿਲਾਂਜਲੀ ਦੇ ਦਿੱਤੀ ਹੈ। ਇਹ ਸਰਕਾਰ ਅੱਜਕੱਲ੍ਹ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਆਪਣੇ ਮਿੱਤਰ ਦੇਸ਼ਾਂ ਰੂਸ ਅਤੇ ਈਰਾਨ ਨਾਲ ਤੇਲ ਦੇ ਸਮਝੌਤੇ ਰੱਦ ਕਰਕੇ ਅਮਰੀਕਾ ਦੇ ਦਬਾਅ ਹੇਠ ਧਾਰਨ ਕੀਤੀ ਨੀਤੀ ਕਾਰਨ ਦੇਸ਼ ਅੰਦਰ ਤੇਲ ਅਤੇ ਗੈਸ ਦੀ ਕਿੱਲਤ ਆ ਰਹੀ ਹੈ। ਇਸ ਜੰਗ ਦੇ ਲੰਮੀ ਚੱਲਣ ਨਾਲ ਜਿਥੇ ਦੇਸ਼ ਦੇ ਲੋਕਾਂ ਨੂੰ ਗੈਸ ਤੇ ਤੇਲ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ, ਉਥੇ ਮਹਿੰਗਾਈ ਵਧਣ ਨਾਲ ਆਮ ਲੋਕਾਂ ਦੇ ਜੀਵਨ ‘ਤੇ ਵੀ ਅਸਰ ਪਵੇਗਾ। ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਅੰਮ੍ਰਿਤਸਰ/ਤਰਨ ਤਾਰਨ ਗਗਨਦੀਪ ਸਿੰਘ ਰੰਧਾਵਾ ‘ਤੇ ਤਸ਼ੱਦਦ ਕਰਕੇ ਉਸ ਨੂੰ ਬੇਇੱਜ਼ਤ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਤਰੀ ਕਾਰਨ ਹੀ ਉਸ ਨੂੰ ਆਪਣੀ ਜਾਨ ਖਤਮ ਕਰਨੀ ਪਈ ਹੈ।
ਪੰਜਾਬ ਸਰਕਾਰ ਨੇ ਉਸ ਦੇ ਪਰਵਾਰ ਨੂੰ ਇਨਸਾਫ ਦੇਣ ਲਈ ਅਜੇ ਤੱਕ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਪੁਲਸ ਇਸ ਕੇਸ ਦੀ ਨਿਰਪੱਖ ਜਾਂਚ ਕਰ ਰਹੀ ਹੈ। ਰਹਿੰਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਕੇਸ ਦੀ ਨਿਰਪੱਖ ਜਾਂਚ ਵਾਸਤੇ ਇਹ ਕੇਸ ਸੀ ਬੀ ਆਈ ਨੂੰ ਦਿੱਤਾ ਜਾਵੇ। ਮੀਟਿੰਗ ‘ਚ ਸਰਬਸੰਮਤੀ ਨਾਲ ਨਰਿੰਦਰ ਬੱਲ ਅਤੇ ਮੰਗਲ ਸਿੰਘ ਖੁਜਾਲਾ ਨੂੰ ਜ਼ਿਲ੍ਹਾ ਸਹਾਇਕ ਸਕੱਤਰ ਅਤੇ 15 ਮੈਂਬਰੀ ਜ਼ਿਲ੍ਹਾ ਐਗਜ਼ੈਕਟਿਵ ਦੀ ਚੋਣ ਕੀਤੀ। ਮੀਟਿੰਗ ‘ਚ ਗੁਰਮੁਖ ਸਿੰਘ ਸ਼ੇਰਗਿੱਲ, ਪਲਵਿੰਦਰ ਸਿੰਘ ਬੱਲ, ਅਜਮਤ ਮਸੀਹ ਅਟਾਰੀ, ਗੁਰਵਿੰਦਰ ਸਿੰਘ, ਮੇਜਰ ਸਿੰਘ ਐਡਵੋਕੇਟ, ਜੋਗਿੰਦਰ ਸਿੰਘ ਗੋਪਾਲਪੁਰਾ, ਪ੍ਰਕਾਸ਼ ਸਿੰਘ ਕੈਰੋਨੰਗਲ, ਕਰਨੈਲ ਸਿੰਘ ਨਵਾਂ ਪਿੰਡ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜ਼ਾਮਪੁਰ, ਕੁਲਵੰਤ ਸਿੰਘ ਫਤਿਹਗੜ੍ਹ ਸ਼ੁਕਰਚੱਕ ਆਦਿ ਮੌਜੂਦ ਸਨ।