ਜਲਾਲਾਬਾਦ (ਬਲਵਿੰਦਰ ਸਿੰਘ, ਰਣਬੀਰ ਕੌਰ ਢਾਬਾਂ,
ਜੰਗੀਰ ਕੌਰ, ਜੀਤ ਕੁਮਾਰ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਲੋਕ ਘੋਲਾਂ ਦੇ ਸਿਰਕੱਢ ਆਗੂ ਕਾਮਰੇਡ ਆਲਾ ਸਿੰਘ ਦੀ 23ਵੀਂ ਬਰਸੀ ਅਨਾਜ ਮੰਡੀ ਜਲਾਲਾਬਾਦ ਵਿਖੇ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ ਕਰਵਾ ਕੇ ਮਨਾਈ ਗਈ। ਸਮਾਗਮ ਦੀ ਪ੍ਰਧਾਨਗੀ ਸੀ ਪੀ ਆਈ ਬਲਾਕ ਗੁਰੂ ਹਰਸਹਾਏ ਦੇ ਸਕੱਤਰ ਰਮੇਸ਼ ਪੀਰ ਮੁਹੰਮਦ, ਕੁਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨ ਲਈ ਪਹੁੰਚੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਜਗਰੂਪ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤਬਦੀਲੀਆਂ ਹੋ ਰਹੀਆਂ ਹਨ। ਇਹ ਤਬਦੀਲੀਆਂ ਜਿੱਥੇ ਸਰਮਾਏ ਦੀ ਧਿਰ, ਜੋ ਕਿ ਆਰਥਿਕ ਲੁੱਟ ਨਾਲ ਵੱਡੀ ਹੋ ਰਹੀ ਹੈ, ਉਸ ਦਾ ਦਬਦਬਾ ਲਗਾਤਾਰ ਵਧ ਰਿਹਾ ਹੈ, ਦੂਜੇ ਪਾਸੇ ਗਰੀਬ ਅਤੇ ਮੱਧ ਵਰਗ ਲਗਾਤਾਰ ਆਰਥਕ ਤੌਰ ‘ਤੇ ਨਪੀੜਿਆ ਜਾ ਰਿਹਾ ਹੈ। ਸਰਮਾਏ ਦੀ ਧਿਰ ਡਰ ਰਹਿਤ ਕਮਾਂਤਰੀ ਪੱਧਰ ਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਵੱਖ-ਵੱਖ ਦੇਸ਼ਾਂ ਤੇ ਨਜਾਇਜ਼ ਤੌਰ ‘ਤੇ ਹਮਲੇ ਕਰ ਰਹੀ ਹੈ। ਆਰਥਕ ਸਾਧਨਾਂ ‘ਤੇ ਕਬਜ਼ਾ ਕਰਨ ਲਈ ਦੁਨੀਆ ਭਰ ਦੀ ਸਰਮਾਏਦਾਰੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਇਸ ਦਾ ਸਪੱਸ਼ਟ ਤੌਰ ‘ਤੇ ਪ੍ਰਗਟਾਵਾ ਈਰਾਨ-ਅਮਰੀਕਾ ਦੇਸ਼ਾਂ ਦਰਮਿਆਨ ਚੱਲ ਰਹੀ ਜੰਗ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਉਹਨਾ ਕਿਹਾ ਕਿ ਇਸ ਤਰ੍ਹਾਂ ਦੀਆਂ ਤਬਦੀਲੀਆਂ ਪ੍ਰਤੀ ਦੇਸ਼ ਦੀ ਜਵਾਨੀ ਨੂੰ ਗੰਭੀਰਤਾ ਨਾਲ ਚੇਤਨ ਹੋ ਕੇ ਪੜ੍ਹਨਾ ਚਾਹੀਦਾ ਹੈ।
ਕਾਮਰੇਡ ਜਗਰੂਪ ਨੇ ਕੁਦਰਤ ਵਿੱਚ ਵਾਪਰ ਰਹੀਆਂ ਮੌਸਮੀ ਤਬਦੀਲੀਆਂ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋ ਰਹੇ ਲਗਾਤਾਰ ਨੁਕਸਾਨ ਦੀ ਚਿੰਤਾ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਫ਼ਸਲ ਦਾ ਮੁਕੰਮਲ ਤੌਰ ਤੇ ਸਾਰਾ ਬੀਮਾ ਕਰਨ ਦੀ ਕਾਨੂੰਨੀ ਗਾਰੰਟੀ ਕਰਨੀ ਚਾਹੀਦੀ ਹੈ। ਕੇਂਦਰ ਅਤੇ ਪੰਜਾਬ ਦੀ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਹਨਾ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ (ਨਰੇਗਾ) ਦਾ ਰਾਜਸੀ ਫਾਇਦਾ ਲੈਣ ਲਈ ਪਹਿਲਾਂ ਕਾਂਗਰਸ ਨੇ ਨਾਂਅ ਬਦਲੀ ਕੀਤੀ ਅਤੇ ਹੁਣ ਭਾਜਪਾ ਵੱਲੋਂ ਸਿਰਫ਼ ਨਾਂਅ ਹੀ ਬਦਲੀ ਨਹੀਂ ਕੀਤਾ ਗਿਆ, ਸਗੋਂ ਉਸ ਵਿੱਚ ਕਈ ਮਜ਼ਦੂਰਾਂ ਖ਼ਿਲਾਫ਼ ਫੈਸਲੇ ਲਏ ਗਏ ਹਨ। ਮਜ਼ਦੂਰਾਂ ਤੋਂ 10 ਤੋਂ 12 ਘੰਟੇ ਕੰਮ ਕਰਵਾਉਣ ਦੀ ਸ਼ਰਤ ਸ਼ਾਮਲ ਕਰਨਾ ਅਤੇ ਕੇਂਦਰ ਵੱਲੋਂ ਵੱਡਾ ਹਿੱਸਾ ਸੂਬਾ ਸਰਕਾਰਾਂ ‘ਤੇ ਬੋਝ ਪਾ ਕੇ ਨਰੇਗਾ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਹੁਣ ਤੱਕ ਨਰੇਗਾ ਮਜ਼ਦੂਰਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਦੇਣ ਦੀ ਬਜਾਏ ਉਹਨਾਂ ਦੇ ਹੱਕਾਂ ‘ਤੇ ਡਾਕਾ ਹੀ ਮਾਰਿਆ ਹੈ। ਉਨ੍ਹਾ ਸਮੂਹ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਲੋਕ ਵਿਰੋਧੀ ਫੈਸਲੇ ਖਿਲਾਫ ਡਟਣ, ਤਾਂ ਹੀ ਇਸ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਹਨਾ ਜਵਾਨੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਏ ਆਈ ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਭਵਿੱਖ ਵਿੱਚ ਮੌਜੂਦਾ ਰਾਜਨੀਤਕ ਪ੍ਰਬੰਧ ਵੱਲੋਂ ਰੁਜ਼ਗਾਰ ਦੇ ਮੌਕਿਆਂ ਨੂੰ ਖਤਮ ਕਰਨ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ। ਸਾਨੂੰ ਕਿਸੇ ਵੀ ਤਰ੍ਹਾਂ ਉੱਚ ਤਕਨੀਕ ਦਾ ਕਦੇ ਵਿਰੋਧ ਨਹੀਂ ਕਰਨਾ ਚਾਹੀਦਾ, ਪ੍ਰੰਤੂ ਉਚ ਤਕਨੀਕ ਨਾਲ ਦੇਸ਼ ਦਾ ਮੌਜੂਦਾ ਰਾਜਸੀ ਪ੍ਰਬੰਧ ਜੇਕਰ ਦੇਸ਼ ਦੀ ਜਵਾਨੀ ਤੋਂ ਰੁਜ਼ਗਾਰ ਦੇ ਮੌਕੇ ਖੋਹੇ ਤਾਂ ਇਹਦੇ ਲਈ ਸਾਨੂੰ ਜ਼ਰੂਰ ਸੋਚਣਾ ਪਵੇਗਾ। ਜਗਰੂਪ ਨੇ ਕਿਹਾ ਕਿ ਸਮਾਜ ਵਿੱਚ ਇਹੋ ਜਿਹੀ ਕੋਈ ਸਮੱਸਿਆ ਨਹੀਂ, ਜਿਸ ਦਾ ਹੱਲ ਮੌਜੂਦ ਨਾ ਹੋਵੇ। ਸਮਾਜਵਾਦੀ ਪ੍ਰਬੰਧ ਮੁਤਾਬਕ ਸਭ ਲਈ ਰੁਜ਼ਗਾਰ ਦੀ ਗਾਰੰਟੀ ਕੀਤੀ ਜਾ ਸਕਦੀ ਹੈ, ਭਾਵੇਂ ਉਹ ਏ ਆਈ ਤੋਂ ਵੀ ਅੱਗੇ ਦਾ ਦੌਰ ਕਿਉਂ ਨਾ ਆ ਜਾਵੇ। ਉਹਨਾ ਕਿਹਾ ਕਿ ਸੀ ਪੀ ਆਈ ਨੇ ਆਪਣੇ ਮਹਾਂ-ਸੰਮੇਲਨ ਵਿੱਚ ਮਤਾ ਪਾਸ ਕੀਤਾ ਹੈ ਕਿ ਉਹ ਦੇਸ਼ ਦੀ ਜਵਾਨੀ ਲਈ ਰੁਜ਼ਗਾਰ ਦੀ ਗਾਰੰਟੀ ਲਈ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਪਾਸ ਕਰਵਾਉਣ ਲਈ ਲਗਾਤਾਰ ਨੌਜਵਾਨਾਂ ਦੀ ਲਾਮਬੰਦੀ ਕਰੇਗੀ।ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੀਨੀਅਰ ਆਗੂ ਹੰਸ ਰਾਜ ਗੋਲਡਨ ਅਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਕਾਮਰੇਡ ਆਲਾ ਸਿੰਘ ਅਤੇ ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਅਤੇ ਉਹਨਾਂ ਦੇ ਨਾਲ ਹੋਰ ਸਾਥੀਆਂ ਨੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਆਪਣੀ ਜ਼ਿੰਦਗੀ ਦਾ ਅਹਿਮ ਯੋਗਦਾਨ ਪਾਇਆ ਸੀ। ਹੁਣ ਦੇਸ਼ ਅਤੇ ਸੂਬੇ ਦੀ ਸੱਤਾ ਫਿਰ ਕਿਸਾਨਾਂ ਤੋਂ ਜ਼ਮੀਨਾਂ ਹੜੱਪਣ ਲਈ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਰਹੀਆਂ ਹਨ, ਜਿਸ ਦਾ ਟਾਕਰਾ ਕਰਨ ਲਈ ਸਾਨੂੰ ਇੱਕਜੁੱਟ ਹੋਣਾ ਪਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ, ਮਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਗੁਰਮੀਤ ਸਿੰਘ ਮੰਨੇਵਾਲਾ, ਜਗਸੀਰ ਸਿੰਘ ਘੋਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਰਮੇਸ਼ ਵਡੇਰਾ, ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾ ਡਿਪਟੀ ਜਨਰਲ ਸੈਕਟਰੀ ਐਡਵੋਕੇਟ ਪਰਮਜੀਤ ਢਾਬਾਂ, ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸ਼ੁਬੇਗ ਝੰਗੜਭੈਣੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਬਲਵਿੰਦਰ ਮਹਾਲਮ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਆਲ ਇੰਡੀਆ ਆਸ਼ਾ ਵਰਕਰਜ ਐਂਡ ਫੈਸੀਲੇਟਰ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਦੁਰਗਾ ਬਾਈ, ਜਿਲ੍ਹਾ ਪ੍ਰਧਾਨ ਨੀਲਮ ਰਾਣੀ, ਮੁਲਾਜ਼ਮ ਆਗੂ ਭਜਨ ਲਾਲ ਫਾਜ਼ਿਲਕਾ ਅਤੇ ਗੁਰਦਿਆਲ ਢਾਬਾਂ ਨੇ ਵੀ ਸੰਬੋਧਨ ਕੀਤਾ।ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਸੁਮਿੱਤਰਾ ਫਾਜ਼ਿਲਕਾ, ਗੌਰਮਿਟ ਸਕੂਲ ਟੀਚਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਾਸਟਰ ਵਰਿਆਮ ਘੁੱਲਾ, ਕੁਲਦੀਪ ਬੱਖੂਸ਼ਾਹ, ਸੀਤਾ ਸਿੰਘ ਤੇਜਾ ਰੁਹੇਲਾ, ਧਰਮਿੰਦਰ ਮੁਰਕਵਾਲਾ, ਉਸਾਰੀ ਕਿਰਤੀਆਂ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਜੰਮੂ ਰਾਮ ਬਨਵਾਲਾ, ਜ਼ਿਲ੍ਹਾ ਸਕੱਤਰ ਸੋਨਾ ਧੁਨਕੀਆਂ, ਹਰਚਰਨ ਪਾਲੀਵਾਲਾ, ਪਰਮਜੀਤ ਸੋਹਣਾ ਸਾਂਦੜ, ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਅਮ੍ਰਿਤ ਕਾਠਗੜ੍ਹ, ਮਾਸਟਰ ਨਿਰਮਲ ਸਿੰਘ ਬਰਾੜ, ਭੱਠਾ ਮਜ਼ਦੂਰ ਯੂਨੀਅਨ ਏਟਕ ਦੇ ਆਗੂ ਅਸ਼ੋਕ ਲਾਧੂਕਾ, ਪ੍ਰੇਮ ਸਿੰਘ, ਰਾਜਵਿੰਦਰ ਨਿਓਲਾ, ਸੰਦੀਪ ਜੋਧਾ, ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਕਾਠਗੜ੍ਹ, ਬਲਵੰਤ ਚੋਹਾਣਾ, ਰੇਹੜੀ- ਫੜ੍ਹੀ ਸਬਜ਼ੀ, ਫਰੂਟ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ, ਭਗਵਾਨ ਸਿੰਘ ਅਤੇ ਸੰਨੀ ਹਾਂਡਾ ਨੇ ਵੀ ਮੁੱਖ ਤੌਰ ‘ਤੇ ਹਾਜ਼ਰ ਹੋਏ। ਲੋਕ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ, ਟੱਪੇ ਅਤੇ ਬੋਲੀਆਂ ਪੇਸ਼ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਛਿੰਦਰ ਮਹਾਲਮ ਨੇ ਨਿਭਾਈ।





