ਸਮਰਾਲਾ (ਸੁਰਜੀਤ ਸਿੰਘ)-‘ਅਮਰੀਕਾ ਵੱਖ-ਵੱਖ ਦੇਸ਼ਾਂ ਵਿਚ ਲੱਗੀਆਂ ਜੰਗਾਂ ਵਿੱਚ ਆਪਣੇ ਬਣਾਏ ਹਥਿਆਰਾਂ ਦੀ ਪਰਖ ਕਰਦਾ ਹੈ ਅਤੇ ਫੇਰ ਉਹਨਾਂ ਨੂੰ ਵੇਚਦਾ ਹੈ।’ ਇਹ ਵਿਚਾਰ ਸੋਮਵਾਰ ਇਥੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਕਾਮਰੇਡ ਜਗਜੀਤ ਸਿੰਘ ਬਾਗੀ ਦੀ ਯਾਦ ਵਿੱਚ ਆਯੋਜਿਤ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਜਤਿੰਦਰ ਪਨੂੰ ਨੇ ਪ੍ਰਗਟ ਕੀਤੇ। ਉਹਨਾ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਜੰਗਾਂ ਦਾ ਸਮਾਨ ਵੇਚਣ ਨਾਲ ਹੀ ਚਲਦੀ ਹੈ। ਉਹਨਾ ਕਿਹਾ ਕਿ ਵੀਅਤਨਾਮ, ਅਫ਼ਗ਼ਾਨਿਸਤਾਨ ਅਤੇ ਈਰਾਨ ਵਿਚ ਲੱਗੀਆਂ ਜੰਗਾਂ ਵਿਚ ਕਲੱਸਟਰ ਬੰਬਾਂ ਦਾ ਤਜਰਬਾ ਕੀਤਾ ਗਿਆ। ਉਹਨਾ ਕਿਹਾ ਕਿ ਹੁਣ ਬਰਤਾਨੀਆ, ਫਰਾਂਸ, ਸਪੇਨ, ਇਟਲੀ ਅਤੇ ਸ੍ਰੀਲੰਕਾ ਨੇ ਅਮਰੀਕਾ ਨੂੰ ਇਰਾਨ ਜੰਗ ਵਿੱਚ ਮਦਦ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕੈਨੇਡਾ ਨਾਲ ਅਮਰੀਕਾ ਨੇ ਆਪਣੇ ਸੰਬੰਧ ਵਿਗੜ ਲਏ ਹਨ। ਉਧਰ ਖੁਦ ਅਮਰੀਕਾ ਵਿਚ ਟਰੰਪ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਅਮਰੀਕਾ ਸਾਰੀ ਦੁਨੀਆ ਨੂੰ ਧੌਂਸ ਦਿਖਾ ਕੇ ਠਾਣੇਦਾਰੀ ਕਰ ਰਿਹਾ ਹੈ, ਪਰ ਹੁਣ ਇਰਾਨ ਵਿਚ ਬੁਰੀ ਤਰਾਂ ਫਸ ਗਿਆ ਹੈ। ਉਹਨਾ ਕਿਹਾ ਕਿ ਭਾਰਤ ਵਿਚ ਅਡਾਨੀਆਂ , ਅੰਬਾਨੀਆਂ ਨੂੰ ਉਭਾਰਿਆ ਜਾ ਰਿਹਾ ਹੈ, ਜਦਕਿ ਬਿਰਲਾ, ਟਾਟਾ ਅਤੇ ਡਾਲਮੀਆ ਵਰਗੇ ਹੁਣ ਗੌਣ ਹੋ ਗਏ ਹਨ। ਅਡਾਨੀ ਦਾ ਜੰਗਲਾਂ ਅਤੇ ਬੰਦਰਗਾਹਾਂ ‘ਤੇ ਕਬਜ਼ਾ ਹੋ ਗਿਆ ਹੈ। ਚੋਣ ਕਮਿਸ਼ਨ ਅਤੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਵਰਗੀਆਂ ਸੰਸਥਾਵਾਂ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈਆਂ ਹਨ। ਉਹਨਾ ਕਾਮਰੇਡ ਬਾਗੀ ਨਾਲ ਗੁਜ਼ਾਰਿਆ ਸਮਾਂ ਵੀ ਯਾਦ ਕੀਤਾ। ਉੱਘੇ ਚਿੰਤਕ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਹੁਣ ਮੈਨੀਫੈਸਟੋ ਦੀ ਥਾਂ ਗਰੰਟੀਆਂ ਦੇਣ ਲੱਗ ਪਈਆਂ ਹਨ। ਰੁਜ਼ਗਾਰ ਦੇ ਬੁਨਿਆਦੀ ਹੱਕ ਖੋਹੇ ਜਾ ਰਹੇ ਹਨ। ਮਨੁੱਖ ਹੁਣ ਨਾਗਰਿਕ ਦੀ ਥਾਂ ਸਿਆਸੀ ਪਾਰਟੀਆਂ ਲਈ ਵੋਟ ਬੈਂਕ ਬਣ ਗਿਆ ਹੈ। ਚੋਣ ਕਮਿਸ਼ਨ ਸਮੇਤ ਸਾਰੇ ਕਮਿਸ਼ਨ ਕਮਜ਼ੋਰ ਹੋ ਗਏ ਹਨ। ਲੋਕਾਂ ਦੇ ਹੱਕ ਅਧਾਰਤ ਕਾਨੂੰਨ ਦੀ ਥਾਂ ਹੁਣ ਖੈਰਾਤ ਅਧਾਰਤ ਕਾਨੂੰਨ ਬਣਾਏ ਜਾ ਰਹੇ ਹਨ। ਪੰਜਾਬ ਦਾ ਦੂਸ਼ਿਤ ਪਾਣੀ ਅਤੇ ਵਾਤਾਵਰਨ ਕਿਸੇ ਪਾਰਟੀ ਦਾ ਏਜੰਡਾ ਨਹੀਂ ਰਿਹਾ। ਲੋਕ ਆਪੋ-ਆਪਣੇ ਮੁੱਦਿਆਂ ‘ਤੇ ਲੜ ਰਹੇ ਹਨ, ਪਰ ਸਰਕਾਰ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਅਜਿਹੇ ਹਾਲਾਤ ਵਿਚ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਉਹਨਾ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਉਸ ਨੇ ਨਸ਼ਿਆਂ ‘ਤੇ ਲਗਾਮ ਕੱਸਣ ਲਈ 51 ਹਜ਼ਾਰ ਨਸ਼ਾ-ਫਰੋਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਹੀ 23 ਹਜ਼ਾਰ ਹੈ।
ਇਸੇ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਮੇਸ਼ ਰਤਨ, ਦਵਿੰਦਰ ਜਟਾਣਾ, ਕਰਮਜੀਤ ਕੰਗ ਅਤੇ ਕਮਾਂਡੈਂਟ ਰਛਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਕਮਾਂਡੈਂਟ ਰਛਪਾਲ ਸਿੰਘ, ਹਮੀਰ ਸਿੰਘ, ਜਤਿੰਦਰ ਪਨੂੰ, ਕਰਮਜੀਤ ਬਾਗੀ, ਰਮੇਸ਼ ਰਤਨ, ਸੁਖਵਿੰਦਰ ਗਿੱਲ, ਹਰਮਿੰਦਰ ਗਿੱਲ, ਇੰਦਰਜੀਤ ਕੰਗ, ਦਰਸ਼ਨ ਕੰਗ ਅਤੇ ਦੀਪ ਨੂੰ ਸਨਮਾਨਤ ਕੀਤਾ ਗਿਆ।





