ਆਸਾਮ ਦੇ ਨੌਜਵਾਨਾਂ ਦੀ ਬਦਲੀ ਸੋਚ

0
1

ਨੇਪਾਲ ਦੇ ਨੌਜਵਾਨਾਂ ਵੱਲੋਂ ਸੜਕਾਂ ‘ਤੇ ਉਤਰ ਕੇ ਲਿਆਂਦੇ ਸਿਆਸੀ ਇਨਕਲਾਬ ਦਾ ਅਸਰ ਅਜੇ ਸਮੁੱਚੇ ਭਾਰਤ ਦੇ ਨੌਜਵਾਨਾਂ ਵਿੱਚ ਬਹੁਤਾ ਨਜ਼ਰ ਨਹੀਂ ਆ ਰਿਹਾ, ਪਰ ਆਸਾਮ ਦੇ ਨੌਜਵਾਨਾਂ ‘ਚ ਇਸ ਦਾ ਰੰਗ ਚੜ੍ਹਿਆ ਨਜ਼ਰ ਆ ਰਿਹਾ ਹੈ। ਹਾਲਾਂਕਿ ਉਹ ਸਿਸਟਮ ਨੂੰ ਬਦਲਣ ਲਈ ਸੜਕਾਂ ‘ਤੇ ਨਹੀਂ ਉੱਤਰੇ ਹਨ, ਪਰ 19 ਅਪ੍ਰੈਲ ਨੂੰ ਹੋ ਰਹੀਆਂ ਅਸੈਂਬਲੀ ਚੋਣਾਂ ‘ਚ ਉਨ੍ਹਾਂ ਆਪਣੀ ਤਰਜੀਹ ਤੈਅ ਕਰ ਲਈ ਹੈ ਕਿ ਕਿਸ ਨੂੰ ਜਿਤਾਉਣਾ ਹੈ। ਡਿਬਰੂਗੜ੍ਹ ਯੂਨੀਵਰਸਿਟੀ ਤੇ ਗੁਹਾਟੀ ਯੂਨੀਵਰਸਿਟੀ ਇੱਕ-ਦੂਜੀ ਤੋਂ ਲੱਗਭੱਗ 440 ਕਿੱਲੋਮੀਟਰ ਦੇ ਫਾਸਲੇ ‘ਤੇ ਹਨ, ਪਰ ਉੱਥੇ ਪੜ੍ਹਨ ਵਾਲਿਆਂ ਨੇ ਮਨ ਬਣਾ ਲਿਆ ਹੈ ਕਿ ਉਹ ਪਾਰਟੀ ਦੀ ਥਾਂ ਉਸ ਉਮੀਦਵਾਰ ਨੂੰ ਵੋਟ ਪਾਉਣਗੇ, ਜਿਹੜਾ ਬੀਤੇ ਵਿੱਚ ਲੋਕਾਂ ਨਾਲ ਖੜ੍ਹਿਆ ਤੇ ਅੱਗੇ ਵੀ ਉਨ੍ਹਾਂ ਦੇ ਭਲੇ ਵਿੱਚ ਕੰਮ ਕਰੇਗਾ। ਪੂਰਬੀ ਭਾਰਤ ਵਿੱਚ ਕਾਫੀ ਲੋਕਪ੍ਰਿਆ ਅਖਬਾਰ ‘ਦੀ ਟੈਲੀਗ੍ਰਾਫ’ ਵੱਲੋਂ ਪਿਛਲੇ ਹਫਤੇ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਕੀਤੀ ਗਈ ਗੱਲਬਾਤ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ 18 ਤੋਂ 29 ਸਾਲ ਦੇ ਨੌਜਵਾਨਾਂ ਨੇ ਵਾਕਈ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਤਾਂ ਪਾਰਟੀਆਂ ਦੀ ਗਿਣਤੀ-ਮਿਣਤੀ ਵਿਗੜ ਸਕਦੀ ਹੈ। ਸਿਆਸੀ ਕਾਰਕੁੰਨ ਤੇ ਚੋਣ ਅਬਜ਼ਰਵਰ ਵੀ ਮੰਨ ਰਹੇ ਹਨ ਕਿ ਆਸਾਮ ਦੀ ਨਵੀਂ ਪੀੜ੍ਹੀ (ਜੈੱਨ ਜ਼ੀ) ਦੇ ਵੋਟਰ ਵੱਖਰੇ ਢੰਗ ਨਾਲ ਸੋਚ ਰਹੇ ਹਨ ਤੇ ਉਹ ਜਿੱਤ-ਹਾਰ ਵਿੱਚ ਵੱਡਾ ਰੋਲ ਨਿਭਾਉਣਗੇ।
ਆਸਾਮ ਦੇ 2,50,54,463 ਵੋਟਰਾਂ ਵਿੱਚੋਂ 73,107,64 (29 ਫੀਸਦੀ) 18 ਤੋਂ 29 ਸਾਲ ਦੀ ਉਮਰ ਦੇ ਹਨ। ਉਨ੍ਹਾਂ ਤੋਂ ਇਲਾਵਾ 61,85,831(24.7 ਫੀਸਦੀ) ਵੋਟਰ 30 ਤੋਂ 39 ਸਾਲ ਦੇ ਹਨ। ਇਨ੍ਹਾਂ ਦਾ ਜਿਸ ਪਾਸੇ ਝੁਕਾਅ ਹੋ ਗਿਆ, ਉਸ ਦੀ ਸਫਲਤਾ ਯਕੀਨੀ ਹੈ। ਇਨ੍ਹਾਂ ਤੋਂ ਵੱਡੀ ਉਮਰ ਵਾਲਿਆਂ ਬਾਰੇ ਤਾਂ ਤੈਅ ਹੀ ਹੁੰਦਾ ਹੈ ਕਿ ਉਹ ਆਮ ਤੌਰ ‘ਤੇ ਆਪਣੀ ਪਸੰਦੀਦਾ ਪਾਰਟੀਆਂ ਨੂੰ ਹੀ ਵੋਟ ਪਾਉਂਦੇ ਹਨ। ਇਸ ਵਾਰ ਨੌਜਵਾਨਾਂ ਨੇ ਉਮੀਦਵਾਰ ਦੀ ਲਿਆਕਤ, ਦਿਆਨਤਦਾਰੀ, ਜਨਤਕ ਜ਼ਿੰਦਗੀ ਵਿੱਚ ਸਰਗਰਮੀਆਂ ਤੇ ਲੋਕਾਂ ਦੇ ਹੱਕਾਂ ਵਿੱਚ ਲੜਨ ਦੇ ਰਿਕਾਰਡ ਨੂੰ ਦੇਖ ਕੇ ਵੋਟ ਪਾਉਣ ਦਾ ਮਨ ਬਣਾ ਲਿਆ ਹੈ। ਉਹ ਪਾਰਟੀਆਂ ਤੋਂ ਇਸ ਕਰਕੇ ਦੁਖੀ ਹਨ ਕਿ ਉਹ ਕੁਰੱਪਸ਼ਨ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀਆਂ ਹਨ। ਨੌਜਵਾਨ ਇਹ ਵੀ ਦੇਖਣਗੇ ਕਿ ਉਮੀਦਵਾਰ ਨੇ ਵਿਧਾਇਕ ਰਹਿੰਦਿਆਂ ਕੀ ਕੰਮ ਕੀਤੇ। ਇਹ ਨਹੀਂ ਦੇਖਣਗੇ ਕਿ ਸੱਤਾਧਾਰੀ ਪਾਰਟੀ ਨੇ ਕੀ ਕੀਤਾ। ਨੌਜਵਾਨ ਇਹ ਵੀ ਸੋਚ ਰਹੇ ਹਨ ਕਿ ਮੁਫਤ ਦੀਆਂ ਸਕੀਮਾਂ ਫਾਇਦੇ ਦੀ ਥਾਂ ਨੁਕਸਾਨ ਹੀ ਪਹੁੰਚਾ ਰਹੀਆਂ ਹਨ, ਕਿਉਂਕਿ ਇਸ ਕਰਕੇ ਵਿਕਾਸ ਕੰਮਾਂ ਲਈ ਪੈਸੇ ਨਹੀਂ ਬਚਦੇ, ਸੂਬੇ ‘ਤੇ ਕਰਜ਼ੇ ਦਾ ਬੋਝ ਵਧਦਾ ਹੈ ਤੇ ਨੌਕਰੀਆਂ ਨਹੀਂ ਮਿਲਦੀਆਂ। ਨੌਜਵਾਨ ਭਲਾਈ ਸਕੀਮਾਂ ਦੇ ਇੱਕਦਮ ਵਿਰੁੱਧ ਵੀ ਨਹੀਂ ਹਨ, ਪਰ ਉਨ੍ਹਾਂ ਦੀ ਸੋਚ ਹੈ ਕਿ ਇਸ ਨਾਲ ਲੋਕ ਵਿਹਲੜ ਬਣਦੇ ਹਨ ਤੇ ਭਲਾਈ ਸਕੀਮਾਂ ‘ਤੇ ਹੀ ਨਿਰਭਰ ਰਹਿੰਦੇ ਹਨ। ਨੌਜਵਾਨਾਂ ਦਾ ਵਿਸ਼ਵਾਸ ਹੈ ਕਿ ਉਹ ਉਮੀਦਵਾਰ ਚੁਣੇ ਜਾਣ, ਜਿਹੜੇ ਲੋਕਾਂ ਦੀਆਂ ਅਸਲ ਮੁਸ਼ਕਲਾਂ ਨੂੰ ਸਮਝਣ ਤੇ ਵਿਕਾਸ ਯਕੀਨੀ ਬਣਾਉਣ।
ਆਸਾਮ ਦੇ ਨੌਜਵਾਨਾਂ ਵਿੱਚ ਇਹ ਵਿਚਾਰ ਵੀ ਕਾਫੀ ਚੱਲ ਰਿਹਾ ਹੈ ਕਿ ਕਾਂਗਰਸ ਨੂੰ ਕੁਰੱਪਸ਼ਨ ਕਰਕੇ ਹੀ ਹਟਾਇਆ ਸੀ, ਪਰ ਭਾਜਪਾ ਨੇ ਕੁਰੱਪਸ਼ਨ ਖਤਮ ਨਹੀਂ ਕੀਤੀ। 2016 ਤੋਂ ਸੱਤਾ ਵਿੱਚ ਚੱਲੀ ਆ ਰਹੀ ਭਾਜਪਾ ਨੂੰ ਮੁੜ ਜਿਤਾਇਆ ਤਾਂ ਭਾਜਪਾ ਦੀ ਅਗਵਾਈ ਵਿੱਚ ਪੁਰਾਣੀ ਕਾਂਗਰਸ ਸਰਕਾਰ ਦੀ ਹੀ ਬਹਾਲੀ ਹੋਵੇਗੀ। ਭਾਜਪਾ ਦੇ ਫਿਰਕੂ ਧਰੁਵੀਕਰਨ ‘ਤੇ ਕੰਨ ਧਰਨ ਦੀ ਥਾਂ ਨੌਜਵਾਨ ਅਜਿਹੀ ਲੀਡਰਸ਼ਿਪ ਚਾਹੁੰਦੇ ਹਨ, ਜਿਸ ਕੋਲ ਸਪੱਸ਼ਟ ਨਜ਼ਰੀਆ ਹੋਵੇ ਤੇ ਸਮੱਸਿਆਵਾਂ ਦੇ ਅਮਲੀ ਹੱਲ ਹੋਣ। ਉਨ੍ਹਾਂ ਲਈ ਪਾਰਟੀ ਲਾਈਨ ਤੋਂ ਵਧ ਕੇ ਵਿਧਾਇਕਾਂ ਦੀ ਕਾਰਗੁਜ਼ਾਰੀ, ਜਵਾਬਦੇਹੀ ਤੇ ਉਦੇਸ਼ ਵਧੇਰੇ ਮਹੱਤਵਪੂਰਨ ਹਨ।