ਈਰਾਨ ‘ਤੇ ਅਮਰੀਕੀ-ਇਜ਼ਰਾਈਲੀ ਸਾਂਝੇ ਹਮਲੇ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਈਰਾਨ ਨੇ ਜਿਸ ਤਰ੍ਹਾਂ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਤਾਕਤ ਅਮਰੀਕਾ ਤੇ ਜੰਗੀ ਤਕਨੀਕ ਦੇ ਮਾਮਲੇ ਵਿੱਚ ਮੁਹਾਰਤ ਰੱਖਣ ਵਾਲੇ ਇਜ਼ਰਾਈਲ ਦਾ ਨੱਕ ‘ਚ ਦਮ ਕੀਤਾ ਹੋਇਆ ਹੈ, ਉਸ ਨੇ ਸੁਏਜ਼ ਨਹਿਰ ਸੰਬੰਧੀ ਹੋਏ ਝਗੜੇ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ।
ਸੁਏਜ਼ ਨਹਿਰ ਭੂ-ਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਨ ਲਈ ਬਣਾਈ ਗਈ ਸੀ ਤਾਂ ਜੋ ਸਮੁੰਦਰੀ ਮਾਰਗ ਰਾਹੀਂ ਵਪਾਰ ਨੂੰ ਸੌਖਾਲਾ ਕੀਤਾ ਜਾ ਸਕੇ। ਇਸ ਨਹਿਰ ਨੂੰ ਬਰਤਾਨੀਆ ਤੇ ਫ਼ਰਾਂਸ ਦੇ ਸ਼ੇਅਰਧਾਰਕਾਂ ਦੇ ਮਾਲਕਾਨਾ ਹੱਕ ਵਾਲੀ ਸੁਏਜ਼ ਨਹਿਰ ਕੰਪਨੀ ਨੇ ਬਣਾਇਆ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਸੋਵੀਅਤ ਯੂਨੀਅਨ ਤੇ ਸਾਮਰਾਜੀ ਦੇਸ਼ਾਂ ਵਿਚਾਲੇ ਠੰਢੀ ਜੰਗ ਚੱਲ ਰਹੀ ਸੀ। ਤੀਜੀ ਦੁਨੀਆ ਦੇ ਮੁਲਕ ਗੁੱਟ ਨਿਰਲੇਪ ਲਹਿਰ ਦੇ ਝੰਡੇ ਹੇਠ ਸੋਵੀਅਤ ਯੂਨੀਅਨ ਨਾਲ ਖੜ੍ਹੇ ਸਨ। ਇਹ ਨਹਿਰ ਮਿਸਰ ਦੇ ਖੇਤਰ ਵਿੱਚੋਂ ਲੰਘਦੀ ਸੀ। ਜਦੋਂ 1956 ਵਿੱਚ ਗੁੱਟ ਨਿਰਲੇਪ ਲਹਿਰ ਦੇ ਨਾਮਣੇ ਵਾਲੇ ਆਗੂ ਅਬਦੁਲ ਨਾਸਿਰ ਮਿਸਰ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾ ਸੁਏਜ਼ ਨਹਿਰ ਕੰਪਨੀ ਦਾ ਕੌਮੀਕਰਨ ਕਰਕੇ ਉਸ ਨੂੰ ਸਰਕਾਰੀ ਮਾਲਕੀ ਹੇਠ ਲੈ ਆਂਦਾ ਸੀ। ਉਸ ਸਮੇਂ ਬਰਤਾਨਵੀ ਸਾਮਰਾਜ ਦਾ ਸਰਮਾਏਦਾਰੀ ਮੁਲਕਾਂ ਵਿੱਚ ਬੋਲਬਾਲਾ ਸੀ। ਸੁਏਜ਼ ਨਹਿਰ ਕੰਪਨੀ ਦੇ ਕੌਮੀਕਰਨ ਨੇ ਬਰਤਾਨਵੀ ਸਾਮਰਾਜ ਦੇ ਰੁਤਬੇ ਨੂੰ ਵੱਡੀ ਸੱਟ ਮਾਰੀ ਸੀ। ਆਪਣੀ ਸਾਖ ਬਚਾਉਣ ਲਈ ਬਰਤਾਨੀਆ ਨੇ ਫਰਾਂਸ ਨਾਲ ਮਿਲ ਕੇ ਇਹ ਯੋਜਨਾ ਬਣਾਈ ਕਿ ਇਜ਼ਰਾਈਲ ਰਾਹੀਂ ਮਿਸਰ ‘ਤੇ ਹਮਲਾ ਕਰਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਬਰਤਾਨੀਆ ਤੇ ਫਰਾਂਸ ਇਸ ਜੰਗ ਵਿੱਚ ਇਜ਼ਰਾਈਲ ਦੀ ਮਦਦ ਲਈ ਸ਼ਾਮਲ ਹੋ ਜਾਣ। 29 ਅਕਤੂਬਰ 1956 ਨੂੰ ਹੋਏ ਇਸ ਹਮਲੇ ਤੋਂ ਬਾਅਦ ਨਵੀਂ ਉੱਭਰ ਰਹੀ ਸਾਮਰਾਜੀ ਤਾਕਤ ਅਮਰੀਕਾ ਨੂੰ ਲੱਗਿਆ ਕਿ ਇਹੋ ਮੌਕਾ ਹੈ ਜਦੋਂ ਉਹ ਬਰਤਾਨੀਆ ਦੇ ਪ੍ਰਭਾਵ ਨੂੰ ਖਤਮ ਕਰਕੇ ਸਾਮਰਾਜੀ ਦੇਸ਼ਾਂ ਦਾ ਆਗੂ ਬਣ ਸਕਦਾ ਹੈ। ਅਮਰੀਕਾ ਨੇ ਬਰਤਾਨੀਆ ਨੂੰ ਧਮਕੀ ਦੇ ਦਿੱਤੀ ਕਿ ਉਹ ਆਪਣੇ ਕੋਲ ਪਏ ਬਰਤਾਨਵੀ ਪੌਂਡ ਦੇ ਸਾਰੇ ਭੰਡਾਰ ਨੂੰ ਵੇਚ ਦੇਵੇਗਾ। ਇਸ ਨਾਲ ਬਰਤਾਨਵੀ ਪੌਂਡ ਦਾ ਮੁੱਲ ਤੇਜ਼ੀ ਨਾਲ ਡਿਗ ਪਿਆ ਤੇ ਬਰਤਾਨਵੀ ਅਰਥ-ਵਿਵਸਥਾ ਡਾਵਾਂਡੋਲ ਹੋ ਗਈ। ਇਸ ਦੇ ਨਾਲ ਹੀ ਅਮਰੀਕਾ ਨੇ ਬਰਤਾਨੀਆ ਤੇ ਫਰਾਂਸ ਦੀ ਸਹਾਇਤਾ ਨਾਲ ਮਿਸਰ ਉੱਤੇ ਹੋਏ ਇਜ਼ਰਾਈਲੀ ਹਮਲੇ ਦੇ ਵਿਰੁੱਧ ਸੰਯੁਕਤ ਰਾਸ਼ਟਰ ਵਿੱਚ ਸੰਘਰਸ਼ ਬੰਦ ਕਰਨ ਲਈ ਲਿਆਂਦੇ ਗਏ ਮਤੇ ਦੀ ਹਮਾਇਤ ਕਰ ਦਿੱਤੀ। ਦੂਜੇ ਪਾਸੇ ਸੋਵੀਅਤ ਯੂਨੀਅਨ ਨੇ ਹਮਲਾਵਰ ਧਿਰਾਂ ਨੂੰ ਇਹ ਚੇਤਾਵਨੀ ਦੇ ਦਿੱਤੀ ਕਿ ਜੇ ਜੰਗ ਨਾ ਰੋਕੀ ਗਈ ਤਾਂ ਉਹ ਮਿਸਰ ਵੱਲੋਂ ਇਸ ਜੰਗ ਵਿੱਚ ਸ਼ਾਮਲ ਹੋ ਜਾਵੇਗਾ। ਆਖਰ ਵਿੱਚ ਬਰਤਾਨੀਆ ਨੂੰ ਇਹ ਜੰਗ ਰੋਕਣੀ ਪਈ ਸੀ। ਸੁਏਜ਼ ਨਹਿਰ ਦੀ ਇਸ ਘਟਨਾ ਨੇ ਪਹਿਲਾਂ ਹੀ ਕਮਜ਼ੋਰ ਪੈ ਚੁੱਕੇ ਬਰਤਾਨਵੀ ਸਾਮਰਾਜ ਦੀ ਰਹਿੰਦੀ-ਖੂੰਹਦੀ ਸਾਖ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ ਸੀ। ਇਸ ਘਟਨਾ ਨੇ ਅਮਰੀਕੀ ਸਾਮਰਾਜ ਨੂੰ ਸਰਮਾਏਦਾਰੀ ਜਗਤ ਦਾ ਚੌਧਰੀ ਬਣ ਜਾਣ ਦਾ ਮੌਕਾ ਦੇ ਦਿੱਤਾ।
ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਮਰੀਕੀ ਅਰਥ-ਵਿਵਸਥਾ ਚੀਨ ਤੋਂ ਕਾਫੀ ਪਛੜ ਚੁੱਕੀ ਹੈ। ਖੋਜ ਦੇ ਖੇਤਰ ਵਿੱਚ ਵੀ ਉਸ ਦੀ ਅਗੇਤ ਹੁਣ ਪਛੇਤ ਵਿੱਚ ਬਦਲ ਚੁੱਕੀ ਹੈ। ਉਸ ਕੋਲ ਸਿਰਫ ਫੌਜੀ ਤਾਕਤ ਤੇ ਡਾਲਰ ਅਧਾਰਤ ਸੰਸਾਰ ਅਰਥ-ਵਿਵਸਥਾ ਹੈ, ਜਿਸ ਰਾਹੀਂ ਉਹ ਆਪਣੀ ਸਰਦਾਰੀ ਕਾਇਮ ਰੱਖਦਾ ਰਿਹਾ ਹੈ। ਟਰੰਪ ਨੂੰ ਲਗਦਾ ਸੀ ਕਿ ਈਰਾਨ ਨੂੰ ਹਰਾ ਕੇ ਉਹ ਖਾੜੀ ਦੇਸ਼ਾਂ ‘ਤੇ ਆਪਣੀ ਪਕੜ ਬਣਾਈ ਰੱਖੇਗਾ ਤੇ ਮੁੜ ਪੈਟਰੋ ਡਾਲਰ ਰਾਹੀਂ ਸੰਸਾਰ ਅਰਥ ਵਿਵਸਥਾ ਨੂੰ ਆਪਣੀ ਮੁੱਠੀ ਵਿੱਚ ਕਰ ਲਏਗਾ।
ਮੌਜੂਦਾ ਜੰਗ ਵਿੱਚ ਜਿਸ ਤਰ੍ਹਾਂ ਈਰਾਨ ਅਮਰੀਕਾ ਤੇ ਇਜ਼ਰਾਈਲ ਦਾ ਮੁਕਾਬਲਾ ਕਰ ਰਿਹਾ ਹੈ, ਉਸ ਨੇ ਟਰੰਪ ਦੇ ਸੁਫਨਿਆਂ ਨੂੰ ਖਾਕ ਵਿੱਚ ਮਿਲਾ ਦਿੱਤਾ ਹੈ। ਈਰਾਨ ਨੇ ਇਸ ਜੰਗ ਵਿੱਚ ਅਮਰੀਕਾ ਤੇ ਇਜ਼ਰਾਈਲ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ। ਇਨ੍ਹਾਂ ਦੋਵਾਂ ਧਾੜਵੀਆਂ ਨੇ ਜੇ ਈਰਾਨ ਦੇ ਤੇਲ ਇਲਾਕਿਆਂ ‘ਤੇ ਹਮਲਾ ਕੀਤਾ ਤਾਂ ਈਰਾਨ ਨੇ ਅਮਰੀਕਾ ਦੇ ਪਿੱਠੂ ਖਾੜੀ ਦੇਸ਼ਾਂ ਦੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਸ ਦੇ ਬਿਜਲੀ ਗਰਿੱਡਾਂ ਤੇ ਪਾਣੀ ਸਾਫ ਕਰਨ ਵਾਲੇ ਕਰਨ ਵਾਲੇ ਅਦਾਰੇ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਤਾਂ ਈਰਾਨ ਨੇ ਪਹਿਲਾਂ ਹੀ ਉਸ ਦਾ ਜਵਾਬ ਦੇ ਦਿੱਤਾ। ਇੱਕ ਮਹੀਨੇ ਦੀ ਜੰਗ ਦੇ ਅੰਦਰ ਹੀ ਈਰਾਨ ਨੇ ਅਮਰੀਕਾ ਦੇ ਖਾੜੀ ਦੇਸ਼ਾਂ ਵਿਚਲੇ 17 ਫੌਜੀ ਅੱਡਿਆਂ ਨੂੰ ਤਬਾਹ ਕਰਕੇ ਅਮਰੀਕੀ ਫੌਜੀਆਂ ਨੂੰ ਹੋਟਲਾਂ ਵਿੱਚ ਲੁਕਣ ਲਈ ਮਜਬੂਰ ਕਰ ਦਿੱਤਾ ਹੈ। ਈਰਾਨ ਨੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਦਿੱਤੇ ਗਏ ਉੱਨਤ ਕਿਸਮ ਦੇ ਰਾਡਾਰ, ਮਿਜ਼ਾਈਲਾਂ ਨੂੰ ਅਸਮਾਨ ਵਿੱਚ ਮਾਰ ਦੇਣ ਵਾਲੇ ਇੰਟਰਸੈਪਟਰਾਂ ਤੇ ਐੱਫ-35 ਵਰਗੇ ਜੰਗੀ ਜਹਾਜ਼ਾਂ ਨੂੰ ਨਸ਼ਟ ਕਰਕੇ ਅਮਰੀਕਾ ਦੀ ਫੌਜੀ ਤਾਕਤ ਦਾ ਦੁਨੀਆ ਸਾਹਮਣੇ ਜਲੂਸ ਕੱਢ ਦਿੱਤਾ ਹੈ। ਅਮਰੀਕਾ ਦੇ ਜੰਗੀ ਬੇੜਿਆਂ ਇਬਰਾਈਮ ਲਿੰਕਨ ਤੇ ਜੇਰਾਲਡ ਫੋਰਡ ਨੂੰ ਈਰਾਨੀ ਮਿਜ਼ਾਈਲਾਂ ਦੀ ਮਾਰ ਖਾ ਕੇ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਪਿਆ ਹੈ।
ਈਰਾਨ ਨੇ ਹਾਰਮੁਜ਼ ਜਲਡਮਰੂ ਨੂੰ ਬੰਦ ਕਰਕੇ ਸੰਸਾਰ ਅਰਥ- ਵਿਵਸਥਾ ‘ਤੇ ਅਜਿਹਾ ਦਬਾਅ ਬਣਾਇਆ ਕਿ ਅਮਰੀਕਾ ਦੇ ਲੰਮੇ ਸਮੇਂ ਤੋਂ ਸਹਿਯੋਗੀ ਰਹੇ ਦੇਸ਼ਾਂ ਨੇ ਵੀ ਉਸ ਤੋਂ ਕਿਨਾਰਾ ਕਰ ਲਿਆ। ਟਰੰਪ ਦੀਆਂ ਅਪੀਲਾਂ ਦੇ ਬਾਵਜੂਦ ਨਾਟੋ ਦੇਸ਼ਾਂ ਨੇ ਇਸ ਜੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਹਾਲਤ ਇਹ ਬਣ ਚੁੱਕੀ ਹੈ ਕਿ ਅਮਰੀਕਾ ਨੂੰ ਜੰਗ ਵਿੱਚੋਂ ਨਿਕਲਣ ਦਾ ਰਾਹ ਨਹੀਂ ਮਿਲ ਰਿਹਾ। ਇਸ ਲੜਾਈ ਨੇ ਮੁੜ ਸੁਏਜ਼ ਨਹਿਰ ਝਗੜੇ ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿਸ ਰਾਹੀਂ ਅਮਰੀਕਾ ਸੰਸਾਰ ਮੰਚ ‘ਤੇ ਆਪਣੀ ਸਰਦਾਰੀ ਗੁਆ ਰਿਹਾ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਬਾਅਦ ਸੰਸਾਰ ਇੱਕ ਧੁਰੀ ਹੋ ਗਿਆ ਸੀ। ਇਸ ਜੰਗ ਦੇ ਨਤੀਜੇ ਵਜੋਂ ਸੰਸਾਰ ਬਹੁ-ਧਰੁਵੀ ਹੋਣ ਵੱਲ ਵਧ ਰਿਹਾ ਹੈ। ਹੁਣ ਅਮਰੀਕਾ ਕੋਲ ਉਹ ਤਾਕਤ ਨਹੀਂ ਰਹੇਗੀ ਕਿ ਉਹ ਕਿਸੇ ਦੇਸ਼ ਉਤੇ ਪਾਬੰਦੀਆਂ ਲਾ ਕੇ ਆਪਣੇ ਆਦੇਸ਼ਾਂ ਨੂੰ ਪਾਲਣਾ ਕਰਨ ਲਈ ਕਹਿ ਸਕੇ। ਬਹੁ-ਧਰੁਵੀ ਸੰਸਾਰ ਦਾ ਮਤਲਬ ਦੁਨੀਆ ਦਾ ਹਰ ਦੇਸ਼ ਆਪਣੀ ਅਰਥ-ਵਿਵਸਥਾ ਸੰਬੰਧੀ ਮਨ ਮੁਆਫਿਕ ਫੈਸਲੇ ਲੈਣ ਲਈ ਅਜ਼ਾਦ ਹੋਵੇਗਾ। ਇਹ ਸਾਡਾ ਅਨੁਮਾਨ ਹੈ, ਜੋ ਹਾਲਾਤ ਮੁਤਾਬਕ ਅਸੀਂ ਪੇਸ਼ ਕੀਤਾ ਹੈ। ਜੇ ਇਹ ਸੱਚ ਹੁੰਦਾ ਹੈ ਤਾਂ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਲਈ ਸਮੁੱਚਾ ਸੰਸਾਰ ਈਰਾਨ ਦਾ ਅਹਿਸਾਨਮੰਦ ਹੋਵੇਗਾ।
-ਚੰਦ ਫਤਿਹਪੁਰੀ



