ਰਮਦਾਸ : ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਸਰਹੱਦੀ ਕਸਬਾ ਰਮਦਾਸ ਵਿਖੇ ਪਿੱਲੀਆਂ ਇੱਟਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਛੱਪੜ ਵਾਲੇ ਸਥਾਨ ‘ਤੇ ਪਹੁੰਚ ਕੇ ਠੇਕੇਦਾਰ ਵਿਰੁੱਧ ਪਰਚਾ ਦਰਜ ਕਰਨ ਅਤੇ ਸੰਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਧਾਲੀਵਾਲ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਮਦਾਸ ਕਸਬੇ ਵਿੱਚ ਪੱਕੇ ਕੀਤੇ ਜਾ ਰਹੇ ਛੱਪੜ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਅਤੇ ਇਸ ਬਾਰੇ ਤੁਰੰਤ ਐਕਸ਼ਨ ਕਰਦਿਆਂ ਉਹ ਸਵੇਰੇ ਮੌਕੇ ‘ਤੇ ਪਹੁੰਚੇ ਅਤੇ ਠੇਕੇਦਾਰ ਵਲੋਂ ਛੱਪੜ ਵਿੱਚ ਪਿੱਲੀਆਂ ਇੱਟਾਂ ਅਤੇ ਘਟੀਆ ਮਟੀਰੀਅਲ ਵਰਤਿਆ ਜਾਂਦਾ ਵੇਖ ਗੁੱਸੇ ਵਿੱਚ ਆ ਗਏ ਅਤੇ ਤੁਰੰਤ ਕੰਮ ਬੰਦ ਕਰਵਾ ਦਿੱਤਾ। ਉਨ੍ਹਾ ਤੁਰੰਤ ਨਗਰ ਕੌਂਸਲ ਦੇ ਈ ਓ ਨੂੰ ਆਦੇਸ਼ ਦਿੱਤੇ ਕਿ ਤੁਰੰਤ ਰਿਪੋਰਟ ਤਿਆਰ ਕਰਕੇ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਲਈ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾ ਇਹ ਵੀ ਆਦੇਸ਼ ਦਿੱਤੇ ਕਿ ਜਿਸ ਅਧਿਕਾਰੀ ਦੀ ਇਥੇ ਡਿਊਟੀ ਹੈ, ਉਸ ਵਿਰੁੱਧ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਉੱਥੇ ਕੰਮ ਕਰ ਰਹੀ ਲੇਬਰ ਨੂੰ ਕੰਮ ਤੋਂ ਰੋਕ ਦਿੱਤਾ ਅਤੇ ਮੌਕੇ ‘ਤੇ ਐੱਸ ਐੱਸ ਓ ਨੂੰ ਬੁਲਾ ਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।
ਧਾਲੀਵਾਲ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾ ਕਿਹਾ ਕਿ 50 ਸਾਲਾਂ ਬਾਅਦ ਬੜੀ ਮੁਸ਼ਕਲ ਨਾਲ ਪੰਜਾਬ ਵਿੱਚ ਵਿਕਾਸ ਕਾਰਜ ਸ਼ੁਰੂ ਹੋਏ ਹਨ ਅਤੇ ਉਸ ਵਿੱਚ ਵੀ ਕਈ ਅਧਿਕਾਰੀ ਅਤੇ ਠੇਕੇਦਾਰ ਚੋਰੀ ਕਰ ਰਹੇ ਹਨ, ਜੋ ਕਿ ਮਨਜ਼ੂਰ ਨਹੀਂ। ਧਾਲੀਵਾਲ ਨੇ ਕਿਹਾ ਕਿ ਕਈ ਠੇਕੇਦਾਰਾਂ ਨੂੰ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੀਆਂ ਹੇਰਾਫੇਰੀਆਂ ਦੀਆਂ ਆਦਤਾਂ ਪਈਆਂ ਹਨ, ਜੋ ਕਿ ਇਸ ਸਰਕਾਰ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।





