ਜਲੰਧਰ, (ਗਿਆਨ ਸੈਦਪੁਰੀ/ ਰਾਜੇਸ਼ ਥਾਪਾ/ ਸ਼ੈਲੀ ਐਲਬਰਟ)
ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ’ਤੇੇ ਬੁੱਧਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਚਲਾਈ ਰੁਜ਼ਗਾਰ ਪ੍ਰਾਪਤੀ ਮੁਹਿੰਮ (ਬਨੇਗਾ) ਦੇ ਬੈਨਰ ਹੇਠ ਪੰਜਾਬ ਭਰ ਦੇ ਹਜ਼ਾਰਾਂ ਲਾਲ ਵਰਦੀਧਾਰੀ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਵਲੰਟੀਅਰ ਸੰਮੇਲਨ ਅਤੇ ਮਾਰਚ ਕੀਤਾ ਗਿਆ। ਇਸ ਸੰਮੇਲਨ ’ਚ ਮੁੰਡੇ ਤੇ ਕੁੜੀਆਂ ਅੰਦਰ ਭਗਤ ਸਿੰਘ ਵਰਗਾ ਵਲਵਲਾ ਨਜ਼ਰ ਆਇਆ। ਸੰਮੇਲਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਸੂਬਾ ਪ੍ਰਧਾਨ ਲਵਪ੍ਰੀਤ ਮਾੜੀ ਮੇਘਾ ਅਤੇ ਸੂਬਾ ਸਕੱਤਰ ਵਰਿੰਦਰ ਖੁਰਾਣਾ ਨੇ ਕੀਤੀ। ਸੰਮੇਲਨ ਵਿੱਚ ਨੌਜਵਾਨ-ਵਿਦਿਆਰਥੀਆਂ ਨੂੰ ਜੀ ਆਇਆਂ ਸਤਪਾਲ ਭਗਤ ਰਿਟਾਇਰਡ ਜ਼ਿਲ੍ਹਾ ਅਟਾਰਨੀ ਨੇ ਕਿਹਾ। ਸੰਮੇਲਨ ਅਤੇ ਮਾਰਚ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸਰੀ, ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸੰਮੇਲਨ ਵਿੱਚ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿਚੋਂ ਹਜ਼ਾਰਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਭਗਤ ਸਿੰਘ ਦੀ ਫੋਟੋ ਵਾਲੀਆਂ ਟੀ ਸ਼ਰਟਾਂ ਪਹਿਨ ਕੇ ਇਨਕਲਾਬੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਾਬਕਾ ਜ਼ਿਲ੍ਹਾ ਅਟਾਰਨੀ ਸਤਪਾਲ ਭਗਤ ਵੱਲੋਂ ਵਲੰਟੀਅਰਾਂ ਨੂੰ ਜੀ ਆਇਆਂ ਕਹਿ ਕੇ ਸੰਮੇਲਨ ਦਾ ਆਗਾਜ਼ ਕਰਵਾਇਆ।
ਇਸ ਮੌਕੇ ਹਾਜ਼ਰ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਜਗਰੂਪ ਸਿੰਘ ਨੇ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਰਮਗੁਣੀ ਭਗਤ ਸਿੰਘ ਵੱਲੋਂ ਆਪਣੇ ਸੱਚੇ ਆਦਰਸ਼ ਖਾਤਰ ਕੀਤੀ ਕੁਰਬਾਨੀ, ਜਿੱਥੇ ਅੱਜ ਵੀ ਜਵਾਨੀ ਵਿੱਚ ਕੁਝ ਕਰ ਗੁਜ਼ਰਨ ਦੀ ਨਵੀਂ ਰੂਹ ਫੂਕਦੀ ਹੈ, ਉਥੇ ਉਹਨਾ ਵੱਲੋਂ ਦੇਸ਼ ਨੂੰ ਸਮਾਜਵਾਦੀ ਲੀਹਾਂ ’ਤੇ ਚਲਾਉਣ ਲਈ ਸੁਝਾਇਆ ਇਨਕਲਾਬੀ ਪ੍ਰੋਗਰਾਮ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਰੁਜ਼ਗਾਰ ਦੇ ਮੁਕੰਮਲ ਹੱਲ ਕਰਨ ਸਮੇਤ ਦੇਸ਼ ਨੂੰ ਖੁਸ਼ਹਾਲ ਕਰਨ ਦੇ ਸਮਰਥ ਹੈ। ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਮੂਹ ਕਾਰਕੁਨਾਂ ਨੂੰ ਇਸ ਪ੍ਰੋਗਰਾਮ ਨੂੰ ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਪ੍ਰਚਾਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ ਚਾਹੀਦੀ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਅਤੇ ਸੂਬਾਈ ਆਗੂਆਂ ਵਿੱਕੀ ਮਹੇਸਰੀ, ਕਰਮਵੀਰ ਬੱਧਨੀ, ਲਵਪ੍ਰੀਤ ਮਾੜੀ ਮੇਘਾ ਅਤੇ ਵਰਿੰਦਰ ਖੁਰਾਣਾ ਨੇ ਕਿਹਾ ਕਿ ਅੱਜ ਜਦੋਂ ਅਸੀਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ’ਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਵੇਲੇ ਦੇਸ਼ ਦਾ ਵਿਦਿਆਰਥੀ ਅਤੇ ਸਿੱਖਿਆ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕਾਰਪੋਰੇਟ ਪੱਖੀ ਸਰਕਾਰ ਨੈਸ਼ਨਲ ਸਿੱਖਿਆ ਨੀਤੀ ਨੂੰ ਵਿਦਿਆਰਥੀਆਂ ਅਤੇ ਸਾਡੇ ਦੇਸ਼ ਦੇ ਵਿੱਦਿਅਕ ਢਾਂਚੇ ਉਪਰ ਥੋਪ ਰਹੀ ਹੈ, ਜਿਸ ਨਾਲ ਸਿੱਖਿਆ ਆਮ ਅਤੇ ਮੱਧ ਵਰਗੀ ਵਿਦਿਆਰਥੀਆਂ ਤੋਂ ਦੂਰ ਹੋ ਜਾਵੇਗੀ। ਸਿੱਖਿਆ ਬਚਾਉਣ ਦੀ ਲੜਾਈ ਲੜਨ ਵਾਲੇ ਵਿਦਿਆਰਥੀਆਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ’ਤੇ ਝੂਠੇ ਮੁਕੱਦਮੇ ਅਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਅਤੇ ਖੇਤੀ ਨੂੰ ਬਚਾਉਣ ਦੀ ਲੜਾਈ ਦੇ ਨਾਲ-ਨਾਲ ਸਿੱਖਿਆ ਨੂੰ ਬਚਾਉਣ ਦੀ ਲੜਾਈ ਵੀ ਪ੍ਰਮੁੱਖ ਹੈ, ਜਿਸ ਲਈ ਲੜਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਹੈ। ਉਹਨਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਦੇਸ਼ ਪੱਧਰ ’ਤੇ ਸਿੱਖਿਆ ਬਚਾਉਣ ਲਈ ਮੋਹਰੀ ਹੋ ਕੇ ਲੜ ਰਹੀ ਹੈ।
ਇਸ ਉਪਰੰਤ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਤੇ ਸਾਬਕਾ ਕੁੱਲ ਹਿੰਦ ਪ੍ਰਧਾਨ ਪਿ੍ਰਥੀਪਾਲ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਸ਼ਾਨਦਾਰ ਇਨਕਲਾਬੀ ਜੀਵਨ ਨੌਜਵਾਨਾਂ ਲਈ ਹਮੇਸ਼ਾ ਹੀ ਰਾਹ-ਦਸੇਰਾ ਰਿਹਾ ਹੈ। ਉਹਨਾ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਪਾਈ ਪਿਰਤ ਜਿੱਥੇ ਇਸ ਦਿਨ ਨੂੰ ਤਿਉਹਾਰ ਬਣਾਉਣ ਵਾਲੇ ਮਕਸਦ ਵਿੱਚ ਸਫਲ ਹੋ ਰਹੀ ਹੈ, ਉਥੇ ਭਗਤ ਸਿੰਘ ਬਾਰੇ ਬੁੱਧੀਜੀਵੀਆਂ ਵੱਲੋਂ ਸੱਚੇ ਇਨਕਲਾਬੀ ਬਿੰਬ ਨੂੰ ਖੋਜ ਕੇ ਲੋਕਾਂ ਸਾਹਮਣੇ ਵੱਖ-ਵੱਖ ਢੰਗਾਂ ਰਾਹੀਂ ਪੇਸ਼ ਕਰਨ ਦੀ ਕਵਾਇਦ ਨੇ ਭਗਤ ਸਿੰਘ ਦੀ ਮਹਾਨਤਾ ਨੂੰ ਹੋਰ ਵਧਾਇਆ ਹੈ। ਉਹਨਾ ਅੱਜ ਦੇ ਦਿਨ ਇਕ ਵਿਸ਼ੇਸ਼ ਐਲਾਨ ਰਾਹੀਂ ਜਵਾਨੀ ਨੂੰ ਸੱਦਾ ਦਿੰਦਿਆਂ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਅਤੇ ਇਹਦੇ ਅਮਲ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ 25 ਨਵੰਬਰ ਨੂੰ ਪਾਰਲੀਮੈਂਟ ਮਾਰਚ ਕੀਤਾ ਜਾਵੇਗਾ ਅਤੇ ਇਹਦੀ ਤਿਆਰੀ ਵਜੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਨੇਗਾ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਪ੍ਰੋਗਰਾਮ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਰਾਹੀਂ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਘਰ-ਘਰ ਜਾ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਜਾਵੇਗਾ।
ਸੰਮੇਲਨ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂਆਂ ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ ਅਤੇ ਹੰਸ ਰਾਜ ਗੋਲਡਨ ਸਮੇਤ ਹੋਰਨਾਂ ਬੁਲਾਰਿਆਂ ਦੇ ਉਤਸ਼ਾਹਪੂਰਵਕ ਭਾਸ਼ਣਾਂ ਤੋਂ ਇਲਾਵਾ ਨੌਜਵਾਨਾਂ, ਵਿਦਿਆਰਥੀਆਂ ਅਤੇ ਸਿਆਸੀ ਭੰਡਾਂ ਦੀ ਟੀਮ ਵੱਲੋਂ ਭਗਤ ਸਿੰਘ ਦੇ ਜੀਵਨ ਫਲਸਫੇ ਨੂੰ ਪੇਸ਼ ਕਰਦੇ ਇਨਕਲਾਬੀ ਗੀਤ, ਕਵਿਤਾਵਾਂ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲੇ ਅਤੇ ਇਨਕਲਾਬੀ ਰੰਗ ਵਿੱਚ ਰੰਗਿਆ ਗਿਆ। ਸੰਮੇਲਨ ਵਿੱਚ ਬੇਰੁਜ਼ਗਾਰੀ ਦੇ ਮੁਕੰਮਲ ਖਾਤਮੇ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’, ‘6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ’ ਅਤੇ ਸਿੱਖਿਆ ਬਚਾਉਣ ਲਈ ਮਤੇ ਪੇਸ਼ ਕਰਕੇ ਸਮੁੱਚੇ ਵਲੰਟੀਅਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਵਲੰਟੀਅਰ ਸੰਮੇਲਨ ਉਪਰੰਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਵਰਦੀਧਾਰੀ ਵਲੰਟੀਅਰਾਂ ਵੱਲੋਂ ਮਾਰਚ ਕਰਕੇ ਆਮ ਲੋਕਾਂ ਨੂੰ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਸੰਮੇਲਨ ਦੇ ਮੰਚ ਤੋਂ 28 ਸਤੰਬਰ ਵਾਲੀ ਰਾਤ ਨੂੰ ਘਰਾਂ ਦੇ ਬਨੇਰਿਆਂ ’ਤੇ ਦੀਪਮਾਲਾ ਕਰਨ ਲਈ ਵੀ ਸੱਦਾ ਦਿੱਤਾ ਗਿਆ।
ਇਸ ਵਲੰਟੀਅਰ ਸੰਮੇਲਨ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾ ਮੀਤ ਪ੍ਰਧਾਨ ਸਿਮਰਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਪੰਜਾਬ ਯੂਨੀਵਰਸਿਟੀ ਤੋਂ ਸੁਖਵਿੰਦਰ ਸਿੰਘ, ਸੂਬਾਈ ਆਗੂ ਨੀਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੂਬਾ ਮੀਤ ਸਕੱਤਰ ਗੁਰਮੁਖ ਸਰਦੂਲਗੜ੍ਹ, ਪਿ੍ਰਤਪਾਲ ਪੰਜਾਬੀ ਯੂਨੀਵਰਸਿਟੀ, ਸੁਖਨ ਸਿੱਧੂ, ਗੁਰਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ ਲਮੋਚੜ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਭਜਨ ਛੱਪੜੀ ਵਾਲਾ, ਸੁਬੇਗ ਝੰਗੜ ਭੈਣੀ, ਗੋਰਾ ਪਿੱਪਲੀ, ਗੁਰਪ੍ਰੀਤ ਫਰੀਦਕੋਟ, ਹਰਮੇਲ਼ ਉਭਾ, ਨਵਜੀਤ ਸੰਗਰੂਰ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਸਵਰਾਜ ਖੋਸਾ, ਜਸਪ੍ਰੀਤ ਬਧਨੀ ਤੇ ਆਦਿ ਨੇ ਵੀ ਸੰਬੋਧਨ ਕੀਤਾ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਸੰਗਰੂਰ, ਆਲ ਇੰਡੀਆ ਆਂਗਣਵਾੜੀ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ, ਉਘੇ ਟਰੇਡ ਯੂਨੀਅਨ ਆਗੂ ਸੁਖਦੇਵ ਸ਼ਰਮਾ ਸੰਗਰੂਰ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਗੁਲਜਾਰ ਸਿੰਘ ਧਿਆਨਪੁਰ, ਨੌਜਵਾਨ ਆਗੂ ਸੁਭਾਸ਼ ਕੈਰੇ, ਸੰਦੀਪ ਦੌਲੀਕੇ ਤੇ ਰਸ਼ਪਾਲ ਕੈਲੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪ੍ਰਬੰਧਕ ਕਮੇਟੀ ਵੱਲੋਂ ਵਲੰਟੀਅਰਾਂ ਲਈ ਵਿਸ਼ੇਸ਼ ਤੌਰ ’ਤੇ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਆਗੂ ਅਵਤਾਰ ਸਿੰਘ ਤਾਰੀ ਅਤੇ ਟੀਮ ਵੱਲੋਂ ਵਲੰਟੀਅਰ ਮਾਰਚ ਕਰਦੇ ਨੌਜਵਾਨਾਂ ਲਈ ਰਸਤੇ ਵਿਚ ਲੱਡੂਆਂ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਐਡਵੋਕੇਟ ਰਜਿੰਦਰ ਮੰਡ ਨੇ ਇਸ ਸਫਲ ਪ੍ਰੋਗਰਾਮ ਲਈ ਨੌਜਵਾਨਾਂ ਸਮੇਤ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਹੋਰ ਜੋਸ਼ੋ-ਖਰੋਸ਼ ਨਾਲ ਅੱਗੇ ਲਿਜਾਣ ਦੀ ਕਾਮਨਾ ਕੀਤੀ।