ਕੰਬਾਈਨ ਦੀ ਲਪੇਟ ‘ਚ ਆਉਣ ਨਾਲ ਦੋ ਦੀ ਮੌਤ

0
20

ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਸੰਗਰੂਰ ਰੋਡ ਕੈਂਚੀਆਂ ਵਿੱਚ ਬੇਕਾਬੂ ਕੰਬਾਈਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਕੁੜੀ ਅਤੇ ਟੈਂਪੂ ਚਾਲਕ ਫ਼ਲ ਵਿਕਰੇਤਾ ਦੀ ਮੌਤ ਹੋ ਗਈ। ਐਤਵਾਰ ਬਾਅਦ ਦੁਪਹਿਰੇ ਵਾਪਰੇ ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਸਿਟੀ ਪੁਲਸ ਕਰਮਚਾਰੀਆਂ ਨੇ ਕੰਬਾਈਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਦੋਂ ਕਿ ਕੰਬਾਈਨ ਚਾਲਕ ਮੌਕੇ ਤੋਂ ਫਰਾਰ ਹੋ ਗਏ। ਕੰਬਾਈਨ ਜਦੋਂ ਕੈਂਚੀਆਂ ਤੋਂ ਲੰਘ ਰਹੀ ਸੀ ਤਾਂ ਸੰਗਰੂਰ ਵਾਲੇ ਪਾਸੇ ਮੁੜਦੇ ਸਮੇਂ ਅਚਾਨਕ ਬੇਕਾਬੂ ਹੋ ਗਈ। ਇਸ ਦੌਰਾਨ ਪਿੰਡ ਰਾਏਧਰਾਣਾ ਦੀ ਬੱਸ ਦੇ ਇੰਤਜ਼ਾਰ ਵਿੱਚ ਖੜੀ 17 ਸਾਲਾ ਰਜਨੀ, ਚੌਕ ਵਿੱਚ ਟੈਂਪੂ ਉੱਤੇ ਖੜ ਕੇ ਫ਼ਲ ਵੇਚ ਰਿਹਾ ਰਜਿੰਦਰ ਕੁਮਾਰ ਤੇ ਇੱਕ ਹੋਰ ਰੇਹੜੀ ਚਾਲਕ ਕੰਬਾਈਨ ਦੀ ਲਪੇਟ ਵਿੱਚ ਆ ਗਏ। ਰਜਿੰਦਰ ਕੁਮਾਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਰਜਨੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਜਾਂਦਿਆਂ ਰਾਹ ‘ਚ ਉਸ ਦੀ ਵੀ ਮੌਤ ਹੋ ਗਈ, ਜਦੋਂ ਕਿ ਰੇਹੜੀ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।