ਮਾਨ ਵੱਲੋਂ ਬਠਿੰਡਾ-ਤਲਵੰਡੀ ਸਾਬੋ ਰੇਲ ਲਿੰਕ ਦਾ ਸੁਝਾਅ

0
16

ਤਲਵੰਡੀ ਸਾਬੋ (ਜਗਦੀਪ ਗਿੱਲ)
ਖਾਲਸੇ ਦੇ ਜਨਮ ਦਿਹਾੜੇ ਮੇਲਾ ਵਿਸਾਖੀ ਉਪਰ ਨਤਮਸਤਕ ਹੋਣ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਬਠਿੰਡਾ ਤੋਂ ਤਲਵੰਡੀ ਸਾਬੋ ਤੱਕ ਨਵੇਂ ਰੇਲ ਲਿੰਕ ਦਾ ਸੁਝਾਆ ਪੇਸ਼ ਕੀਤਾ। ਕੇਂਦਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਸੱਦਾ ਸਿੰਘ ਵਾਲਾ ਪਿੰਡ ਤੋਂ ਤਲਵੰਡੀ ਸਾਬੋ ਲਾਗਲੇ ਪੈਂਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਤੱਕ ਪ੍ਰਸਤਾਵਿਤ ਰੇਲ ਲਿੰਕ ਪ੍ਰਚਾਰਿਆ ਜਾ ਰਿਹਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਇਸ ਦੀ ਰਸਮੀ ਪ੍ਰਵਾਨਗੀ ਦੀ ਗੱਲ ਕਹਿ ਚੁੱਕੇ ਹਨ। ਇਹ ਰੇਲ ਲਿੰਕ ਲਗਭਗ 42 ਕਿਲੋਮੀਟਰ ਲੰਮਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਮੁੱਖ ਮੰਤਰੀ ਨੇ ਬਠਿੰਡਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਦੇ 20 ਕਿਲੋਮੀਟਰ ਲੰਮੇ ਇਕ ਹੋਰ ਲਿੰਕ ਦੀ ਗੱਲ ਕਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਟਨਾ ਸਾਹਿਬ ਤੋਂ ਹਜ਼ੂਰ ਸਾਹਿਬ ਨੰਦੇੜ ਤੱਕ ਪਹਿਲਾ ਹੀ ਰੇਲ ਲਿੰਕ ਮੌਜੂਦ ਹੈ। ਹਜ਼ੂਰ ਸਾਹਿਬ ਤੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਆਉਣ ਲਈ ਜੇਕਰ ਬਠਿੰਡਾ ਤੋਂ ਦਮਦਮਾ ਸਾਹਿਬ ਤੱਕ ਇਕ 20 ਕਿਲੋਮੀਟਰ ਲੰਮਾ ਨਵਾਂ ਰੇਲ ਲਿੰਕ ਬਣਾ ਦਿੱਤਾ ਜਾਵੇ ਤਾਂ ਇਹ ਵਧੀਆ ਗੱਲ ਹੋਵੇਗੀ। ਉਹਨਾ ਕਿਹਾ ਕਿ ਉਹ ਦਾਅਵਾ ਕਰਦੇ ਹਨ ਕਿ ਉਸ ਟਰੇਨ ਵਿੱਚ ਫੁੱਲ ਤੇ ਐਡਵਾਂਸ ਬੁਕਿੰਗ ਹੋਇਆ ਕਰੇਗੀ। ਮੁੱਖ ਮੰਤਰੀ ਨੇ ਜਿਹੜੇ ਰੇਲ ਲਿੰਕ ਦਾ ਜ਼ਿਕਰ ਕੀਤਾ ਹੈ, ਉਹ ਤਰਕਪੂਰਨ, ਆਮ ਲੋਕਾਂ ਤੇ ਕਿਸਾਨਾਂ ਦੇ ਮਨਭਾਉਂਦਾ ਹੋ ਸਕਦਾ ਹੈ, ਪ੍ਰੰਤੂ ਇਹ ਵੇਖਣਾ ਹੁਣ ਭਵਿੱਖ ਦੇ ਗਰਭ ਵਿੱਚ ਹੋਵੇਗਾ ਕਿ ਅਮਲ ਬਿੱਟੂ ਵੱਲੋਂ ਬਿਆਨੇ ਸੱਦਾ ਸਿੰਘ ਵਾਲਾ (ਮਾਨਸਾ) ਤੋਂ ਬੰਗੀ ਕਲਾਂ ਵਾਲੇ ਲਿੰਕ ਉਪਰ ਹੋਵੇਗਾ ਜਾਂ ਮੁੱਖ ਮੰਤਰੀ ਵਾਲੇ ਬਠਿੰਡਾ ਤੋਂ ਦਮਦਮਾ ਸਾਹਿਬ ਵਾਲੇ 20 ਕਿਲੋਮੀਟਰ ਦੇ ਰੇਲ ਲਿੰਕ ਉਪਰ।ਸਬ-ਡਵੀਜ਼ਨਲ ਕਚਹਿਰੀ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਖਾਲਸੇ ਦੇ ਜਨਮ ਦਿਹਾੜੇ ਮੇਲਾ ਵਿਸਾਖੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾ ਨਾਲ ਹਲਕਾ ਵਿਧਾਇਕ (ਚੀਫ ਵਿੱ੍ਹਪ) ਪ੍ਰੋਫੈਸਰ ਬਲਜਿੰਦਰ ਕੌਰ ਸਮੇਤ ਪਾਰਟੀ ਅਤੇ ਸਰਕਾਰ ਦੇ ਬਹੁਤ ਸਾਰੇ ਆਗੂ ਤੇ ਵਰਕਰ ਮੌਜੂਦ ਸਨ।