ਇਸਲਾਮਾਬਾਦ : ਪਾਕਿਸਤਾਨ ਨੇ ਸਨਿੱਚਰਵਾਰ ਸ਼ਾਮੀਂ ਈਰਾਨ ਤੇ ਅਮਰੀਕਾ ਵਿਚਾਲੇ ਸਿੱਧੀ ਗੱਲਬਾਤ ਸ਼ੁਰੂ ਕਰਵਾ ਦਿੱਤੀ। ਅਮਰੀਕੀ ਵਫਦ ਦੀ ਅਗਵਾਈ ਉਪ ਰਾਸ਼ਟਰਪਤੀ ਜੇ ਡੀ ਵਾਂਸ, ਜਦਕਿ ਈਰਾਨੀ ਵਫਦ ਦੀ ਅਗਵਾਈ ਮੁਹੰਮਦ ਬਾਕਰ ਗ਼ਾਲੀਬਾਫ ਨੇ ਕੀਤੀ। 1979 ਵਿੱਚ ਇਸਲਾਮਿਕ ਕ੍ਰਾਂਤੀ ਤੋਂ 47 ਸਾਲ ਬਾਅਦ ਦੋਨੋਂ ਦੇਸ਼ ਗੱਲਬਾਤ ਲਈ ਰਾਜ਼ੀ ਹੋਏ ਹਨ। ਰਿਪੋਰਟਾਂ ਮੁਤਾਬਕ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਦੋ ਘੰਟੇ ਸਿੱਧੀ ਗੱਲਬਾਤ ਚੱਲੀ। ਗੱਲਬਾਤ ਵਿੱਚ ਲਿਬਨਾਨ ਦੇ ਮੁੱਦੇ ‘ਤੇ ਪ੍ਰਗਤੀ ਹੋਈ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਇਜ਼ਰਾਈਲ ਹੁਣ ਹਮਲੇ ਦੱਖਣੀ ਲਿਬਨਾਨ ਤੱਕ ਸੀਮਤ ਰੱਖੇਗਾ ਤੇ ਬੇਰੂਤ ‘ਤੇ ਨਹੀਂ ਕਰੇਗਾ। ਇਹ ਵੀ ਪਤਾ ਲੱਗਿਆ ਹੈ ਕਿ ਈਰਾਨ ਦੇ ਵੱਖ-ਵੱਖ ਬੈਂਕਾਂ ਵਿੱਚ ਦੱਬੇ ਪੈਸੇ ਵਾਪਸ ਕਰਨ ਦੇ ਮਾਮਲੇ ਵਿੱਚ ਵੀ ਕੁਝ ਪ੍ਰਗਤੀ ਹੋਈ ਹੈ।
ਗੱਲਬਾਤ ਮਾਹਰਾਂ ਦੇ ਪੱਧਰ ਤੱਕ ਪੁੱਜ ਗਈ ਸੀ, ਜਿਸ ਵਿੱਚ ਸੁਰੱਖਿਆ, ਸਿਆਸਤ, ਫੌਜ, ਅਰਥਵਿਵਸਥਾ ਤੇ ਕਾਨੂੰਨ ਨਾਲ ਜੁੜੇ ਮਾਹਰ ਹਿੱਸਾ ਲੈ ਰਹੇ ਸਨ। 15 ਏਕੜ ਵਿੱਚ ਫੈਲੇ ਫਾਈਵ ਸਟਾਰ ਹੋਟਲ ਸੇਰੇਨਾ ਵਿੱਚ ਗੱਲਬਾਤ ਤੋਂ ਪਹਿਲਾਂ ਵਾਂਸ ਅਤੇ ਗਾਲੀਬਾਫ ਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਵੱਖਰੇ-ਵੱਖਰੇ ਤੌਰ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ। ਗਾਲੀਬਾਫ ਨੇ ਕਿਹਾ ਕਿ ਜੇ ਗੱਲਬਾਤ ਨਾਕਾਮ ਰਹੀ ਤਾਂ ਸਿਰਫ ਇਜ਼ਰਾਈਲ ਹੀ ਨਹੀਂ ਅਮਰੀਕਾ ਵੀ ਜ਼ਿੰਮੇਵਾਰ ਹੋਵੇਗਾ। ਖਬਰ ਹੈ ਕਿ ਚੀਨ ਦਾ ਵਫਦ ਵੀ ਇਸਲਾਮਾਬਾਦ ਪੁੱਜ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਦੋਹਾਂ ਦੇਸ਼ਾਂ ਵਿਚਾਲੇ ਕੋਈ ਸਮਝੌਤਾ ਹੁੰਦਾ ਹੈ ਤਾਂ ਚੀਨ ਉਸ ਵਿੱਚ ਗਰੰਟੀ ਦੀ ਭੂਮਿਕਾ ਨਿਭਾ ਸਕਦਾ ਹੈ। ਪਹਿਲਾਂ ਰਿਪੋਰਟਾਂ ਸਨ ਕਿ ਅਮਰੀਕੀ ਤੇ ਈਰਾਨੀ ਵੱਖਰੇ ਕਮਰਿਆਂ ਵਿੱਚ ਸਨ ਤੇ ਪਾਕਿਸਤਾਨੀ ਵਿਚੋਲੇ ਦੋਹਾਂ ਵਿਚਾਲੇ ਹਰਕਾਰੇ ਬਣੇ ਹੋਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਪਾਕਿਸਤਾਨੀ ਦੋਹਾਂ ਧਿਰਾਂ ਨੂੰ ਇੱਕ ਕਮਰੇ ਵਿੱਚ ਲੈ ਆਏ। ਰਿਪੋਰਟਾਂ ਸਨ ਕਿ ਈਰਾਨ ਦੀ ਇਸ ਸ਼ਰਤ ‘ਤੇ ਅਮਰੀਕਾ ਨਰਮ ਪੈ ਰਿਹਾ ਹੈ ਕਿ ਜੰਗਬੰਦੀ ਵਿੱਚ ਲਿਬਨਾਨ ਨੂੰ ਵੀ ਸ਼ਾਮਲ ਕੀਤਾ ਜਾਵੇ।




