ਬੁਢਾਪਾ ਪੈਨਸ਼ਨ ਜਾਰੀ

0
14

ਚੰਡੀਗੜ੍ਹ : ਸਮਾਜਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਵੀਰਵਾਰ ਦੱਸਿਆ ਕਿ ਮਾਰਚ ਲਈ ਬੁਢਾਪਾ ਪੈਨਸ਼ਨ ਸਕੀਮ ਤਹਿਤ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਹਰ ਮਹੀਨੇ 23,51,338 ਬਜ਼ੁਰਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ।
ਚੀਨ ਵੱਲੋਂ ਈਰਾਨ ਨੂੰ ਹਾਰਮੁਜ਼ ਜਲਮਾਰਗ ਖੋਲ੍ਹਣ ਦੀ ਸਲਾਹ
ਬੀਜਿੰਗ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਈਰਾਨ ਨੂੰ ਹਾਰਮੁਜ਼ ਜਲਮਾਰਗ ਰਾਹੀਂ ਆਵਾਜਾਈ ਦੀ ਆਜ਼ਾਦੀ ਅਤੇ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਲਈ ਕਿਹਾ ਹੈ। ਚੀਨ ਵੱਲੋਂ ਇਹ ਪਹਿਲੀ ਅਜਿਹੀ ਅਪੀਲ ਹੈ, ਕਿਉਂਕਿ ਅਮਰੀਕਾ ਨਾਲ ਜੰਗ ਦੇ ਵਿਚਕਾਰ ਈਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਵਾਂਗ ਯੀ ਦੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਫੋਨ ‘ਤੇ ਗੱਲ ਉਸੇ ਸਮੇਂ ਹੋਈ ਜਦੋਂ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਅਗਵਾਈ ਵਿੱਚ ਇੱਕ ਵਿਚੋਲਗੀ ਵਫਦ ਤਹਿਰਾਨ ਪਹੁੰਚਿਆ। ਇਹ ਵਫਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਲਈ ਸ਼ਾਂਤੀ ਦੇ ਨਵੇਂ ਪ੍ਰਸਤਾਵਾਂ ‘ਤੇ ਚਰਚਾ ਕਰਨ ਗਿਆ ਹੈ। ਇਸੇ ਦਰਮਿਆਨ ਅਮਰੀਕਾ ਵੱਲੋਂ ਹਾਰਮੁਜ਼ ਜਲਡਮਰੂ ਦੀ ਘੇਰਾਬੰਦੀ ਦੇ ਜਵਾਬ ਵਿੱਚ ਈਰਾਨ ਦੀ ਸਾਂਝੀ ਫੌਜੀ ਕਮਾਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖਤਮ ਨਾ ਕੀਤੀ, ਤਾਂ ਉਹ ਖਾੜੀ ਖੇਤਰ ਵਿੱਚ ਹੋਣ ਵਾਲੇ ਸਮੁੱਚੇ ਸਮੁੰਦਰੀ ਵਪਾਰ ਨੂੰ ਠੱਪ ਕਰ ਦੇਣਗੇ। ਅਮਰੀਕਾ ਦੇ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਈਰਾਨ ‘ਤੇ ਆਰਥਕ ਸ਼ਿਕੰਜਾ ਹੋਰ ਕੱਸਣ ਦੇ ਸੰਕੇਤ ਦਿੱਤੇ ਹਨ। ਉਨ੍ਹਾ ਕਿਹਾ ਕਿ ਅਮਰੀਕਾ ਉਨ੍ਹਾਂ ਵਿੱਤੀ ਸੰਸਥਾਵਾਂ ‘ਤੇ ਸੈਕੰਡਰੀ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਈਰਾਨ ਨਾਲ ਕਾਰੋਬਾਰ ਕਰ ਰਹੀਆਂ ਹਨ। ਬੇਸੈਂਟ ਨੇ ਇਸ ਕਦਮ ਨੂੰ ‘ਵਿੱਤੀ ਖੇਤਰ ਵਿੱਚ ਬੰਬਾਰੀ’ ਦੇ ਬਰਾਬਰ ਕਰਾਰ ਦਿੱਤਾ ਹੈ। ਇਸ ਦੌਰਾਨ, ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੂਪਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫੌਜ ਨੇ ਈਰਾਨ ਵੱਲ ਜਾਣ ਵਾਲੇ ਸਾਰੇ ਸਮੁੰਦਰੀ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਅਤੇ ਪਿਛਲੇ 48 ਘੰਟਿਆਂ ਵਿੱਚ ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦਿੱਤਾ ਗਿਆ।