ਪਾਰਟੀ ਦੀ ਮਜ਼ਬੂਤੀ ਲਈ ਹਰ ਚੁਣੌਤੀ ਦਾ ਡਟ ਕੇ ਕਰਾਂਗੇ ਸਾਹਮਣਾ : ਧਾਲੀਵਾਲ, ਅਰਸ਼ੀ

0
13

ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੀ 25 ਵੀਂ ਸੂਬਾਈ ਕਾਨਫਰੰਸ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਨਵੇਂ ਬਣੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਤੇ ਮੈਂਬਰ ਕੇਂਦਰੀ ਕੰਟਰੋਲ ਕਮਿਸ਼ਨ ਦਾ ਮਾਨਸਾ ਸਥਿਤ ਪਾਰਟੀ ਦਫ਼ਤਰ ਵਿਖੇ ਪਹੁੰਚਣ ਸਮੇਂ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਗਰਮਜੋਸ਼ੀ ਤੇ ਨਾਅਰਿਆਂ ਦੀ ਗੂੰਜ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਨਮਾਨ ਸਮਾਰੋਹ ਦੌਰਾਨ ਸੂਬਾ ਸਕੱਤਰ ਧਾਲੀਵਾਲ ਨੇ ਕਿਹਾ ਕਿ ਅਜੋਕੇ ਦੌਰ ਸਮੇਂ ਪਾਰਟੀ ਤੇ ਲਹਿਰ ਦੀ ਮਜ਼ਬੂਤੀ ਲਈ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਾਂਗੇ। ਸਰਮਾਏਦਾਰੀ ਤੇ ਫਾਸ਼ੀਵਾਦ ਜਿੱਥੇ ਹਰ ਦਿਨ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਤਤਪਰ ਹਨ ਅਤੇ ਦੇਸ਼ ਦੇ ਸੰਵਿਧਾਨ ਨੂੰ ਵੀ ਕਮਜ਼ੋਰ ਕਰਨ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਵਧ ਰਹੀ ਅਤਿ ਦੀ ਫ਼ਿਰਕਾਪ੍ਰਸਤੀ, ਭਾਈਚਾਰਕ ਸਾਂਝ ਲਈ ਇੱਕ ਦੀਵਾਰ ਬਣ ਚੁੱਕੀ ਹੈ, ਜੋ ਕਿ ਆਰਥਿਕ, ਸਮਾਜਿਕ ਤੇ ਰਾਜਨੀਤਕ ਵਿਕਾਸ ਲਈ ਵੱਡੀ ਚੁਣੌਤੀ ਹੈ।ਉਹਨਾਂ ਬੇਰੁਜ਼ਗਾਰੀ, ਨਸ਼ੇ, ਗੈਂਗਸਟਰਵਾਦ ਖ਼ਿਲਾਫ਼ ਪਾਰਟੀ ਵੱਲੋਂ ਲੋਕ ਲਾਮਬੰਦੀ ਦੀ ਅਪੀਲ ਕੀਤੀ। ਨੌਜਵਾਨਾਂ ਲਈ ਰੁਜ਼ਗਾਰ, ਕਰਜ਼ ਮੁਕਤ ਪੰਜਾਬ ਤੇ ਔਰਤਾਂ ਦੇ ਅਧਿਕਾਰਾਂ ਤੇ ਸਨਮਾਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨ੍ਹਾ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ।
ਇਸ ਮੌਕੇ ਸੂਬਾਈ ਲੀਡਰਸ਼ਿਪ ਵਜੋਂ ਨਿਰਮਲ ਸਿੰਘ ਧਾਲੀਵਾਲ ਤੇ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਲੀਡਰਸ਼ਿਪ ਕ੍ਰਿਸ਼ਨ ਸਿੰਘ ਚੌਹਾਨ ਦਾ ਸੂਬਾ ਸਕੱਤਰੇਤ ਮੈਂਬਰ, ਵੇਦ ਪ੍ਰਕਾਸ਼ ਬੁਢਲਾਡਾ ਮੈਂਬਰ ਸੂਬਾ ਕੰਟਰੋਲ ਕਮਿਸ਼ਨ, ਐਡਵੋਕੇਟ ਕੁਲਵਿੰਦਰ ਉੱਡਤ, ਰੂਪ ਸਿੰਘ ਢਿੱਲੋਂ, ਸੀਤਾ ਰਾਮ ਗੋਬਿੰਦਪੁਰਾ ਤੇ ਜਗਸੀਰ ਸਿੰਘ ਰਾਏਕੇ ਮੈਂਬਰ ਸੂਬਾ ਕੌਂਸਲ ਚੁਣੇ ਜਾਣ ‘ਤੇ ਵਿਸ਼ੇਸ਼ ਸਨਮਾਨ ਵੀ ਕੀਤਾ।
ਹੋਰਨਾਂ ਤੋਂ ਇਲਾਵਾ ਰਤਨ ਭੋਲਾ ਸ਼ਹਿਰੀ ਸਕੱਤਰ, ਕਰਨੈਲ ਸਿੰਘ ਭੀਖੀ ਏਟਕ, ਪੂਰਨ ਸਿੰਘ ਸਰਦੂਲਗੜ੍ਹ, ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਫੱਕਰ, ਅਰਵਿੰਦਰ ਕੌਰ, ਹਰਦਿਆਲ ਸਿੰਘ ਬੁਢਲਾਡਾ, ਪ੍ਰਕਾਸ਼ ਬੁਢਲਾਡਾ, ਝੰਡਾ ਸਿੰਘ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਪੰਧੇਰ, ਗੁਰਦਿਆਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਿਰਨਾ ਰਾਣੀ ਐੱਮ ਸੀ, ਸੁਖਦੇਵ ਸਿੰਘ ਮਾਨਸਾ, ਜੱਗਾ ਸਿੰਘ ਸ਼ੇਰ ਖਾਂ, ਮਲਕੀਤ ਸਿੰਘ ਬਖਸ਼ੀਵਾਲਾ ਆਦਿ ਆਗੂ ਵੀ ਹਾਜ਼ਰ ਸਨ।