ਚੰਡੀਗੜ੍ਹ : ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਥੜ੍ਹੇ ‘ਤੇ ਅਧਾਰਤ ਪੀ ਐੱਸ ਈ ਬੀ ਇੰਪਲਾਇਜ਼ ਜਾਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ. 24), ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ (ਏਟਕ), ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਦੀ ਸੂਬਾਈ ਲੀਡਰਸ਼ਿਪ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਾਂਝੇ ਥੜ੍ਹੇ ਵੱਲੋਂ ਸੰਘਰਸ਼ ਉਲੀਕਿਆ ਗਿਆ ਸੀ, ਜਿਸ ਦੇ ਚਲਦੇ 10 ਅਪ੍ਰੈਲ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਮੁੱਖ ਦਫਤਰ ਵਿੱਚ ਬਿਜਲੀ ਮੰਤਰੀ ਦੀ ਹਾਜ਼ਰੀ ਦੌਰਾਨ ਗੇਟਾਂ ‘ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚਲੇ ਰੋਹ ਨੂੰ ਦੇਖਦੇ ਹੋਏ ਮੌਕੇ ‘ਤੇ ਹੀ ਜਥੇਬੰਦੀਆਂ ਨੂੰ ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਨਾਲ 16 ਅਪ੍ਰੈਲ ਨੂੰ 10 ਵਜੇ ਸਵੇਰੇ ਉਦਯੋਗ ਭਵਨ, ਚੰਡੀਗੜ੍ਹ ‘ਚ ਮੀਟਿੰਗ ਦਾ ਪੱਤਰ ਸੌਂਪਿਆ ਗਿਆ ਸੀ, ਜਿਸ ਦੇ ਮੱਦੇਨਜਰ ਵੀਰਵਾਰ ਜਥੇਬੰਦੀਆਂ ਅਤੇ ਬਿਜਲੀ ਮੰਤਰੀ ਵਿਚਾਲੇ ਹੋਈ ਮੀਟਿੰਗ ਦੌਰਾਨ ਬਿਜਲੀ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ/ ਮਸਲਿਆਂ ਦੇ ਹੱਲ ਕਰਨੇ ਤਾਂ ਦੂਰ ਉਨ੍ਹਾਂ ਨੂੰ ਸੁਣਨਾ ਵੀ ਵਾਜਿਬ ਨਹੀਂ ਸਮਝਿਆ ਗਿਆ ਅਤੇ ਪਿਛਲ਼ੀ ਮੀਟਿੰਗ ਦੌਰਾਨ ਬਣੀਆਂ ਸਹਿਮਤੀਆਂ ਤੋਂ ਵੀ ਪਾਵਰ ਪ੍ਰਬੰਧਨ ਪਿੱਛੇ ਹਟਦਾ ਨਜ਼ਰ ਆਇਆ, ਜਿਸ ਕਾਰਨ ਮੀਟਿੰਗ 10 ਮਿੰਟ ਤੋਂ ਵੱਧ ਨਹੀਂ ਚੱਲ ਸਕੀ ਅਤੇ ਬੇਸਿੱਟਾ ਰਹੀ। ਰੋਹ ਵਿਚ ਆਏ ਆਗੂਆਂ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਬਲਜੀਤ ਸਿੰਘ ਮੋਦਲਾ, ਦੇਵਿੰਦਰ ਸਿੰਘ ਪਸ਼ੌਰ, ਇੰਜ. ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਕੌਰ ਸਿੰਘ ਸੋਹੀ, ਪਵਨਪ੍ਰੀਤ ਸਿੰਘ, ਦਲੀਪ ਕੁਮਾਰ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਰਵੇਲ ਸਿੰਘ ਸਹਾਏਪੁਰ, ਗੁਰਪਿਆਰ ਸਿੰਘ ਆਦਿ ਨੇ ਕਿਹਾ ਕਿ ਬਿਜਲੀ ਮੰਤਰੀ ਦੇ ਇਸ ਮੁਲਾਜ਼ਮ ਵਿਰੋਧੀ ਰਵੱਈਏ ਅਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਮਸਲਿਆਂ ਦੇ ਮੱਦੇਨਜ਼ਰ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ 17 ਅਪ੍ਰੈਲ ਨੂੰ ਸੂਬੇ ਭਰ ਦੇ ਉਪ ਮੰਡਲ/ ਮੰਡਲ ਦਫਤਰਾਂ ਅੱਗੇ ਬਿਜਲੀ ਮੰਤਰੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ, ਪਹਿਲਾਂ ਤੋਂ ਐਲਾਨਿਆ ਵਰਕ-ਟੂ-ਰੂਲ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ, ਮਈ ਮਹੀਨੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਇੱਕ ਲਾ-ਮਿਸਾਲ ਸੂਬਾ ਪੱਧਰੀ ਰੋਸ ਧਰਨਾ ਲਗਾਇਆ ਜਾਵੇਗਾ, ਜੂਨ ਮਹੀਨੇ ਦੇ ਦੂਸਰੇ ਹਫਤੇ ਬਿਜਲੀ ਕਰਮਚਾਰੀਆਂ ਵੱਲੋਂ ਦੋ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ।ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦਾ ਬਿਜਲੀ ਅਦਾਰਾ ਇੱਕ ਮਹੱਤਵਪੂਰਨ ਅਦਾਰਾ ਹੈ, ਜਿਸ ਵਿੱਚ ਹਜ਼ਾਰਾਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ, ਪਰੰਤੂ ਬਿਜਲੀ ਮੰਤਰੀ ਅਤੇ ਪਾਵਰ ਪ੍ਰਬੰਧਨ ਦੇ ਇਸ ਮੁਲਾਜ਼ਮ ਵਿਰੋਧੀ ਰਵੱਈਏ ਕਾਰਨ ਇਸ ਅਦਾਰੇ ਦਾ ਸਨਅਤੀ ਮਾਹੌਲ ਖਰਾਬ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪੈਣਾ ਹੈ, ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀਆਂ ਚੱਲਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਬਿਜਲੀ ਮੰਤਰੀ ਅਤੇ ਪਾਵਰ ਪ੍ਰਬੰਧਨ ਦੀ ਹੋਵੇਗੀ।





