ਫੜ੍ਹ ਲਾਉਣ ਨੂੰ ਲੈ ਕੇ ਹੋਈ ਲੜਾਈ ‘ਚ ਆੜ੍ਹਤੀਏ ਦੀ ਮੌਤ

0
13

ਅਜਨਾਲਾ : ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਅਨਾਜ ਮੰਡੀ ਵਿਖੇ ਸ਼ੁੱਕਰਵਾਰ ਨੂੰ ਸ਼ੈਡ ਥੱਲੇ ਫੜ੍ਹ ਲਗਾਉਣ ਤੋਂ ਆੜ੍ਹਤੀਆਂ ਦੀਆਂ ਦੋ ਧਿਰਾਂ ਵਿੱਚ ਇਸ ਕਦਰ ਲੜਾਈ ਹੋ ਗਈ ਕਿ ਇੱਕ ਆੜ੍ਹਤੀ ਦੀ ਮੌਤ ਹੋ ਗਈ। ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਪਾਲ ਸਿੰਘ ਤੇ ਪ੍ਰਗਟ ਸਿੰਘ ਨੇ ਉਨ੍ਹਾਂ ਦੇ ਰਿਸ਼ਤੇਦਾਰ ਦਲਬੀਰ ਸਿੰਘ ਨੂੰ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਨਸਾਫ ਦਿਵਾਇਆ ਜਾਵੇ। ਪੁਲਸ ਥਾਣਾ ਰਮਦਾਸ ਦੇ ਮੁਖੀ ਅਰਜਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਸਕੂਲ ‘ਚ ਅਧਿਆਪਕਾ ‘ਤੇ ਤੇਜ਼ਾਬ ਸੁੱਟਿਆ
ਘੁਮਾਣ (ਗੁਰਦਾਸਪੁਰ) : ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਹਿਮਦਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ‘ਤੇ ਇਕ ਨੌਜਵਾਨ ਵੱਲੋਂ ਤੇਜ਼ਾਬ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਲਾਸ ਵਿਚ ਪੜ੍ਹ ਰਹੇ ਦੋ ਵਿਦਿਆਰਥੀ ਵੀ ਝੁਲਸੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਪੁਰ ਵਿਚ ਪਿੰਡ ਦੀ ਅਧਿਆਪਕਾ ਲਖਵਿੰਦਰ ਕੌਰ ਪਤਨੀ ਜਰਨੈਲ ਸਿੰਘ ਸਵੇਰੇ 10:30 ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ ਕਿ ਇੰਨੇ ਚਿਰ ਨੂੰ ਇਕ ਨੌਜਵਾਨ ਆਇਆ ਤੇ ਕਲਾਸ ਰੂਮ ਵਿਚ ਜਾ ਕੇ ਤੇਜ਼ਾਬ ਦੀ ਬੋਤਲ ਦਾ ਢੱਕਣ ਖੋਲ੍ਹ ਸਿੱਧਾ ਅਧਿਆਪਕਾ ਦੇ ਮੂੰਹ ‘ਤੇ ਸੁੱਟ ਦਿੱਤਾ । ਇਸ ਦੌਰਾਨ ਕਲਾਸ ਵਿਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ, ਜਿਨ੍ਹਾਂ ਵਿਚ ਪ੍ਰਭਜੋਤ ਕੌਰ ਉਮਰ ਚਾਰ ਸਾਲ ਪੁੱਤਰੀ ਲਵਪ੍ਰੀਤ ਸਿੰਘ ਪਿੰਡ ਮਹਿਮਦਪੁਰ ਅਤੇ ਅਜੀਤ ਸਿੰਘ ਪੁੱਤਰ ਗਗਨਦੀਪ ਸਿੰਘ ਉਮਰ ਛੇ ਸਾਲ ਪਿੰਡ ਮਹਿਮਦਪੁਰ ਵੀ ਝੁਲਸ ਗਏ। ਸਕੂਲ ਵਿਚ ਪੜ੍ਹਾ ਰਹੀ ਦੂਸਰੀ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਜਦ ਰੌਲਾ ਪਿਆ ਤਾਂ ਅਸੀਂ ਦੂਸਰੇ ਕਮਰੇ ਵਿਚ ਗਏ, ਉਸ ਵੇਲੇ ਤੇਜ਼ਾਬ ਪਾਉਣ ਵਾਲਾ ਨੌਜਵਾਨ ਖੇਤਾਂ ਵਿਚ ਭੱਜ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਮੌਕੇ ‘ਤੇ ਫੜ ਲਿਆ।