ਸਿਆਸੀ ਸੂਝ ਵਾਲੇ ਲੋਕਾਂ ਨੂੰ ਸਿਆਸਤ ਦਾ ਹਿੱਸਾ ਬਣਨਾ ਚਾਹੀਦੈ : ਸੰਤ ਸੀਚੇਵਾਲ

0
7

ਸ਼ਾਹਕੋਟ (ਗਿਆਨ ਸੈਦਪੁਰੀ)-ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਸਿਆਸੀ, ਸਮਾਜੀ ਤੇ ਵਾਤਾਵਰਣ ਸਬੰਧੀ ਗੱਲਾਂ ਕੀਤੀਆਂ।ਇਹਨਾਂ ਗੱਲਾਂ ਵਿੱਚ ਪਾਰਲੀਮੈਂਟ ਦੇ ਵਰਤਾਰੇ ਤੋਂ ਲੈ ਕੇ ਉਨ੍ਹਾਂ ਦੇ ਆਪਣੇ ਇਲਾਕੇ (ਦੋਨਾ) ਖੇਤਰ ਵਿੱਚ ਖ਼ਰਬੂਜ਼ੇ ਦੀ ਖੇਤੀ ਤੱਕ ਸ਼ਾਮਲ ਹਨ। ਉਨ੍ਹਾਂ ਨੇ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਚਲਾਈ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਬਾਵਜੂਦ ਬਹੁਤ ਸਾਰੇ ਅੜਿੱਕਿਆਂ ਦੇ ਅਸੀਂ ਆਪਣੇ ਮਿਸ਼ਨ ਦੀ ਸਫਲਤਾ ਵੱਲ ਵਧ ਰਹੇ ਹਾਂ। ਬਹੁਤ ਸਾਰੀਆਂ ਡੇਅਰੀਆਂ ਦੇ ਗੋਹੇ ਵਗੈਰਾ ਸਮੇਤ ਹੋਰ ਪਾਸਿਆਂ ਤੋਂ ਪੈਂਦਾ ਰਿਹਾ ਗੰਦ ਮੰਦ ਹੁਣ ਰੋਕ ਦਿੱਤਾ ਗਿਆ ਹੈ। ਬੁੱਢੇ ਦਰਿਆ ਦਾ ਟੀ ਡੀ ਐਸ 1300 ਤੋਂ ਘਟ ਕੇ 770 ਤੱਕ ਆ ਗਿਆ ਹੈ। ਉਨ੍ਹਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਘੱਟੋ ਘੱਟ ਉਹ ਆਪਣੇ ਬਾਰੇ ਹੀ ਸੋਚਣ, ਉਨ੍ਹਾਂ ਨੇ ਵੀ ਇਸੇ ਵਾਤਾਵਰਣ ਵਿੱਚ ਹੀ ਸਾਹ ਲੈਣਾ ਹੈ। ਸੰਤ ਸੀਚੇਵਾਲ ਨੇ ਸਿਆਸੀ ਆਗੂਆਂ ਵੱਲੋਂ ਇੱਕ ਦੂਸਰੇ ਪ੍ਰਤੀ ਬੋਲੀ ਜਾ ਰਹੀ ਨੀਵੇਂ ਪੱਧਰ ਦੀ ਭਾਸ਼ਾ ਅਤੇ ਸਹਿਣਸ਼ੀਲਤਾ ਦੀ ਤਜ ਦਿੱਤੀ ਗਈ ਪ੍ਰਵਿਰਤੀ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ।ਉਹਨਾਂ ਸਿਆਸਤਦਾਨਾਂ ਨੂੰ ਬਾਬਾ ਫਰੀਦ ਦੀ ਰਚਨਾ“ਦਰਵੇਸਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦ” ਵੱਲ ਗੌਰ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਦਾ ਪਿੱਛੇ ਮੁੜਨਾ ਮੁਸ਼ਕਿਲ ਹੈ। ਉਨ੍ਹਾਂ ਦਾ ਚਿਕਿਤਸਕ ਤੇ ਸਮਾਜੀ ਤੌਰ ‘ਤੇ ਇਲਾਜ ਹੋਣਾ ਚਾਹੀਦਾ ਹੈ। ਉਨ੍ਹਾਂ ਪਿਛਲੇ ਸਮੇਂ ਤੋਂ ਪੰਜਾਬ ਅੰਦਰ ਵਧ ਰਹੇ ਸਮਾਜਿਕ ਨਿਘਾਰ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸੰਤ ਸੀਚੇਵਾਲ ਨੇ ਇੱਕ ਪਿੰਡ ਦੇ ਹਵਾਲੇ ਨਾਲ ਕਿਹਾ ਕਿ ਉੱਥੇ ਪਹਿਲਾਂ ਚੋਰੀਆਂ ਦੀ ਮਾਰ ਸੀ, ਫਿਰ ਉਹ ਅਫੀਮ ਡੋਡਿਆਂ ਲਈ ਮਸ਼ਹੂਰ ਰਿਹਾ ਤੇ ਅੱਜ ਕੱਲ੍ਹ ‘ਚਿੱਟੇ’ ਦਾ ਦੌਰ ਦੌਰਾ ਹੈ। ਸਿਆਸਤ ਵਿੱਚ ਆਏ ਨਿਘਾਰ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਿਆਸੀ ਸੂਝ ਤੋਂ ਊਣੇ ਲੋਕਾਂ ਦਾ ਸ਼ਾਮਲ ਹੋਣਾ ਵੀ ਹੋਰ ਕਾਰਨਾਂ ਵਿੱਚੋਂ ਇੱਕ ਹੈ। ਇਸ ਲਈ ਇਮਾਨਦਾਰ ਤੇ ਸਿਆਸੀ ਸਮਝ ਵਾਲੇ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ। ਪਾਰਲੀਮੈਂਟ ਵਿੱਚ ਕਈ ਵਾਰ ਕਾਵਾਂਰੌਲੀ ਦਾ ਮਾਹੌਲ ਬਣ ਜਾਣ ਬਾਰੇ ਸੰਤ ਸੀਚੇਵਾਲ ਨੇ ਕਿਹਾ ਕਿ ਸਿਆਸੀ ਸੂਝ ਦੀ ਘਾਟ ਹੀ ਇਸ ਦਾ ਕਾਰਨ ਬਣਦੀ ਹੈ। ਦੋਨਾ ਇਲਾਕੇ ਵਿੱਚ ਖਰਬੂਜ਼ੇ ਦੀ ਫਸਲ ਦੀ ਘਟ ਹੋ ਰਹੀ ਪੈਦਾਵਾਰ ਬਾਰੇ ਸੰਤ ਸੀਚੇਵਾਲ ਨੇ ਖੇਤੀ ਮਾਹਰਾਂ ਵਾਂਗ ਗੱਲ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਮੱਕੀ ਦੀ ਬਹੁਤ ਜਿਆਦਾ ਖੇਤੀ ਹੋਣ ਲੱਗ ਪਈ ਹੈ।
ਇਹ ਵੱਧ ਪਾਣੀ ਪੀਂਦੀ ਹੈ। ਇਸ ਨਾਲ ਨਮੀ ਤੇ ਹੁੰਮਸ ਪੈਦਾ ਹੁੰਦੀ ਹੈ। ਖਰਬੂਜ਼ੇ ਦੀ ਫਸਲ ਖੁਸ਼ਕ ਵਾਤਾਵਰਣ ਵਿੱਚ ਵਧੇਰੇ ਵਧਦੀ ਫੁੱਲਦੀ ਹੈ। ਹੁੰਮਸ ਤੇ ਨਮੀ ਕਾਰਨ ਖਰਬੂਜ਼ੇ ਦੀ ਫਸਲ ਤੋਂ ਕਿਸਾਨ ਪਾਸਾ ਵੱਟ ਰਹੇ ਹਨ। ਗੱਲਬਾਤ ਦੌਰਾਨ ਏਕ ਓਕਾਂਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਸਕੱਤਰ ਸੁਰਜੀਤ ਸਿੰਘ ਸ਼ੈਂਟੀ ਵੀ ਮੌਜੂਦ ਸਨ।