ਡਾ. ਅੰਬੇਡਕਰ ਬੁੱਤ ਦੀ ਬੇਅਦਬੀ ਦੇ ਮਾਮਲੇ ‘ਚ 3 ਕਾਬੂ

0
10

ਹੁਸ਼ਿਆਰਪੁਰ (ਬਲਵੀਰ ਸਿੰਘ ਸੈਣੀ)-ਜ਼ਿਲ੍ਹਾ ਹੁਸ਼ਿਆਰਪੁਰ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਿੰਡ ਨੂਰਪੁਰ ਜੱਟਾਂ (ਥਾਣਾ ਮਾਹਿਲਪੁਰ) ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਇਸ ਘਟਨਾ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਜੁੜੇ ਹੋਏ ਹਨ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 30-31 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਨੂਰਪੁਰ ਜੱਟਾਂ ਵਿਖੇ ਨਹਿਰ ਦੇ ਕਿਨਾਰੇ ਬਣੇ ਇੱਕ ਕਮਰੇ ਦੀ ਛੱਤ ‘ਤੇ ਸਥਾਪਿਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੇ ਆਲੇ-ਦੁਆਲੇ ਲੱਗਿਆ ਸ਼ੀਸ਼ਾ ਤੋੜ ਕੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ।ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮਾਹਿਲਪੁਰ ਵਿਖੇ ਮੁਕੱਦਮਾ ਨੰਬਰ 66 ਦਰਜ ਕੀਤਾ ਗਿਆ ਸੀ। ਐਸ.ਐਸ.ਪੀ. ਦੇ ਨਿਰਦੇਸ਼ਾਂ ‘ਤੇ ਐਸ.ਪੀ. (ਡੀ) ਮਨਪ੍ਰੀਤ ਸੀਂਹਮਾਰ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਨੇ ਇਸ ਬਲਾਈਂਡ ਕੇਸ ਨੂੰ ਸੁਲਝਾਉਂਦੇ ਹੋਏ 3 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।ਐੱਸ ਐੱਸ ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਇਹ ਵਾਰਦਾਤ ਵਿਦੇਸ਼ ਵਿੱਚ ਬੈਠੇ ਵਿਅਕਤੀ ਗੁਰਪਤਵੰਤ ਸਿੰਘ ਪੰਨੂ ਐੱਸ ਐਫ ਜੇ ਦੇ ਕਹਿਣ ‘ਤੇ ਕੀਤੀ ਗਈ ਸੀ। ਪੁਲਸ ਅਨੁਸਾਰ ਕਥਿਤ ਦੋਸ਼ੀਆਂ ਨੂੰ ਇਸ ਘਿਨਾਉਣੀ ਹਰਕਤ ਲਈ ਪੈਸੇ ਦਾ ਲਾਲਚ ਦਿੱਤਾ ਗਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਲਟੋ ਕੇ-10 ਗੱਡੀ ਦੀ ਵਰਤੋਂ ਕੀਤੀ ਗਈ ਸੀ। ਪੁਲਸ ਨੇ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਕਿਰਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਾੜੀਆਂ ਕਲਾਂ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ (26), ਬਬਨਦੀਪ ਸਿੰਘ ਉਮਰ 22 ਸਾਲ ਪੁੱਤਰ ਰਵਿੰਦਰ ਸਿੰਘ ਵਾਸੀ ਰੰਧਾਵਾ ਰੋਡ ਨੇੜੇ ਵੜੈਚ ਡੇਅਰੀ ਰਣਜੀਤ ਨਗਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਾਹਿਲਪ੍ਰੀਤ ਸਿੰਘ ਪੁੱਤਰ ਤਲਵਿੰਦਰ ਸਿੰਘ ਵਾਸੀ ਘਤੋੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਮਰ 22 ਸਾਲ ਦੱਸੇ ਗਏ ਹਨ ਜਿਨਾਂ ਨੂੰ ਪੁਲਸ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ।