ਬਿਜਲੀ ਕਾਮਿਆਂ ਦੀਆਂ ਇੱਕ ਵਿਚਾਰਧਾਰਾ ਵਾਲੀਆਂ ਦੋ ਜਥੇਬੰਦੀਆਂ ਦੀ ਆਪਸੀ ਏਕਤਾ ਕਾਨਫਰੰਸ ਸੰਪੰਨ

0
1

ਜਲੰਧਰ : ਪਾਵਰਕਾਮ ਅਦਾਰੇ ਵਿੱਚ ਕੰਮ ਕਰ ਰਹੀਆਂ ਇਕ ਵਿਚਾਰਧਾਰਾ ਵਾਲੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ (ਰਜਿ. 41) ਅਤੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਰਜਿ. 14/1965) ਨੇ ਸ਼ਨੀਵਾਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਪਸੀ ਏਕਤਾ ਨੂੰ ਸਮਰਪਤ ਸੂਬਾਈ ਕਾਨਫਰੰਸ ਕੀਤੀ। ਕਾਨਫਰੰਸ ਦੀ ਪ੍ਰਧਾਨਗੀ ਦੋਵਾਂ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜਰਨੈਲ ਸਿੰਘ ਔਲਖ ਨੇ ਸਾਂਝੇ ਤੌਰ ‘ਤੇ ਕੀਤੀ। ਕਾਨਫਰੰਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਨਿਗਰਾਨ ਦੇ ਤੌਰ ‘ਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ (ਐੱਫ ਈ) ਦੇ ਜਨਰਲ ਸਕੱਤਰ ਮੋਹਨ ਸ਼ਰਮਾ, ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਕਾਨਫਰੰਸ ਵਿੱਚ ਸੂਬੇ ਭਰ ਤੋਂ ਚੁਣ ਕੇ ਆਏ 222 ਡੈਲੀਗੇਟਾਂ ਨੇ ਹਿੱਸਾ ਲਿਆ।
ਕਾਨਫਰੰਸ ਦੇ ਉਦਘਾਟਨੀ ਭਾਸ਼ਣ ‘ਚ (ਐੱਫ ਈ) ਦੇ ਜਨਰਲ ਸਕੱਤਰ ਮੋਹਨ ਸ਼ਰਮਾ ਨੇ ਬਿਜਲੀ ਸੋਧ ਬਿੱਲ 2025 ਅਤੇ ਚਾਰ ਲੇਬਰ ਕੋਡ ਲਾਗੂ ਕਰਨ ਖਿਲਾਫ਼ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕਾਮਿਆਂ ਵੱਲੋਂ ਮੁਕੰਮਲ ਹੜਤਾਲ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਹੜਤਾਲੀ ਵਰਕਰਾਂ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਦਾ ਟਾਕਰਾ ਕਰਨ ਲਈ ਇਸ ਨਾਜ਼ਕ ਦੌਰ ਵਿੱਚ ਹਾਲਾਤ ਦੇ ਟਾਕਰੇ ਲਈ ਦੋਵਾਂ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਕੀਤੀ ਆਪਸੀ ਏਕਤਾ ਦਾ ਸਵਾਗਤ ਕਰਦਿਆਂ ਲੀਡਰਸ਼ਿਪ ਅਤੇ ਡੈਲੀਗਟਾਂ ਨੂੰ ਵਧਾਈ ਦਿੱਤੀ।
ਕਾਨਫਰੰਸ ਵਿੱਚ ਦੋਵਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਕ੍ਰਮਵਾਰ ਸਰਿੰਦਰਪਾਲ ਲਹੌਰੀਆ ਅਤੇ ਬਲਜੀਤ ਸਿੰਘ ਮੋਦਲਾ ਨੇ ਅਦਾਰੇ ਦੀ ਹੋਂਦ ਬਚਾਉਣ ਅਤੇ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ ਤਿੰਨ ਸਾਲਾਂ ਵਿੱਚ ਲੜੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕਰਦਿਆਂ ਵਰਕਰਾਂ ਵੱਲੋਂ ਪਾਏ ਭਰਵੇਂ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।
ਦੋ ਜਥੇਬੰਦੀਆਂ ਦੀ ਆਪਸੀ ਏਕਤਾ ਦੇ ਅਮਲ ਨੂੰ ਨੇਪਰੇ ਚਾੜ੍ਹਨ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਲਈ ਪੰਜਾਬ ਏਟਕ ਦੀ ਸਿਖਰਲੀ ਅਤੇ ਜਥੇਬੰਦੀਆਂ ਦੀ ਸੁਹਿਰਦ ਲੀਡਰਸ਼ਿਪ ਵੱਲੋਂ ਸੰਜੀਦਗੀ ਨਾਲ ਕੀਤੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ 1936 ਦੇ ਆਗੂ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਂ ਚੁਣੀ ਜਾਣ ਵਾਲੀ ਆਗੂ ਟੀਮ ਨੂੰ ਸਖ਼ਤ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਕਾਨਫਰੰਸ ਵਿੱਚ ਭਰਾਤਰੀ ਸੰਦੇਸ਼ ਦੇਣ ਲਈ ਪਹੁੰਚੇ ਪਾਵਰਕਾਮ/ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ (ਸੰਬੰਧਤ ਏਟਕ) ਦੇ ਸੂਬਾ ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਨੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਏਟਕ ਨਾਲ ਸੰਬੰਧਤ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਆਪਸੀ ਏਕਤਾ ਹੋਰ ਮਜ਼ਬੂਤ ਕਰਕੇ ਸੰਘਰਸ਼ਾਂ ਦੇ ਪਿੱੜ ਮੱਲਣ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ। ਇਸ ਮੌਕੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ 14/1965 ਦੇ ਸੂਬਾ ਚੀਫ਼ ਪੈਟਰਨ ਕਰਮਚੰਦ ਭਾਰਦਵਾਜ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ‘ਤੇ ਧਾਰਨ ਕੀਤੀ ਘਟੀਆ ਨੀਤੀ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਰੋਕਿਆ ਹੋਇਆ 16 ਪ੍ਰਤੀਸ਼ਤ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ। ਕਾਨਫਰੰਸ ਦੇ ਅੰਤ ‘ਚ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਹਾਕਮ ਜਮਾਤਾਂ ਵੱਲੋਂ ਮਜ਼ਦੂਰ ਜਮਾਤ ‘ਤੇ ਕੀਤੇ ਜਾ ਰਹੇ ਚੌਤਰਫੀ ਹਮਲਿਆਂ ਦੇ ਟਾਕਰੇ ਲਈ ਲੀਡਰਸ਼ਿਪ ਨੂੰ ਜਮਾਤੀ ਸੰਘਰਸ਼ ਮਜ਼ਬੂਤ ਕਰਕੇ ਅੱਗੇ ਵਧਣ ਲਈ ਕੀਤੀ ਆਪਸੀ ਏਕਤਾ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਨਵੀਂ 18 ਮੈਂਬਰੀ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਮਨਜੀਤ ਸਿੰਘ ਬਾਸਰਕੇ, ਸੀਨੀ. ਮੀਤ ਪ੍ਰਧਾਨ ਰਾਕੇਸ਼ ਸੈਣੀ, ਮੀਤ ਪ੍ਰਧਾਨ ਅਰੁਣ ਕੁਮਾਰ, ਮੋਹਨ ਸਿੰਘ ਗਿੱਲ, ਕੁਲਵਿੰਦਰ ਸਿੰਘ ਬਾਗੜੀਆਂ, ਜਨਰਲ ਸਕੱਤਰ ਹਰਵਿੰਦਰ ਸਿੰਘ ਖੰਨਾ, ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸਾਹਿਬ ਸਿੰਘ ਧਾਲੀਵਾਲ, ਲਖਬੀਰ ਸਿੰਘ ਸੰਗਰੂਰ, ਕੈਸ਼ੀਅਰ ਦਵਿੰਦਰ ਸਿੰਘ ਰੋਪੜ, ਸਹਾਇਕ ਕੈਸ਼ੀਅਰ ਨਰਿੰਦਰ ਸਿੰਘ, ਜਥੇਬੰਦਕ ਸਕੱਤਰ ਜਸਵਿੰਦਰ ਸਿੰਘ ਬਰਗਾੜੀ, ਅਰੁਣ ਕੁਮਾਰ, ਪ੍ਰੈੱਸ ਸਕੱਤਰ ਰਾਮ ਸਿੰਘ ਸੈਣੀ, ਆਡੀਟਰ ਠਾਕਰਪ੍ਰੀਤ ਚੁਣੇ ਗਏ, ਜਿਸ ਨੂੰ 188 ਡੈਲੀਗੇਟਾਂ ਨੇ ਭਾਰੀ ਬਹੁਮਤ ਨਾਲ ਨਾਅਰਿਆਂ ਦੀ ਗੂੰਜ ‘ਚ ਪਾਸ ਕੀਤਾ ਅਤੇ 34 ਡੈਲੀਗੇਟਾਂ ਨੇ ਪੈਨਲ ‘ਤੇ ਅਸਹਿਮਤੀ ਜ਼ਾਹਰ ਕੀਤੀ। ਇਸ ਤੋਂ ਇਲਾਵਾ ਤਿੰਨ ਅਹੁਦਿਆਂ ਨੂੰ ਖਾਲੀ ਛੱਡਿਆ ਗਿਆ। ਕਾਨਫਰੰਸ ‘ਚ ਬਿਜਲੀ ਸੋਧ ਬਿੱਲ 2025 ਵਾਪਸ ਲੈਣ, ਚਾਰ ਲੇਬਰ ਕੋਡ ਰੱਦ ਕਰਨ ਤੋਂ ਇਲਾਵਾ ਮੰਨੀਆਂ ਮੰਗ ਲਾਗੂ ਕਰਨ ਲਈ ਲੋੜੀਂਦੇ ਮਤੇ ਪਾਸ ਕੀਤੇ ਗਏ।
ਕਾਨਫਰੰਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਨਿਗਰਾਨ ਦੇ ਤੌਰ ‘ਤੇ ਪਹੁੰਚੀ ਲੀਡਰਸ਼ਿਪ ਦਾ ਹਾਰ ਪਾ ਕੇ ਯਾਦਗਾਰੀ ਤੋਹਫਿਆਂ ਨਾਲ ਸਨਮਾਨ ਕੀਤਾ ਗਿਆ ਅਤੇ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜਰਨੈਲ ਸਿੰਘ ਔਲਖ ਨੇ ਡੈਲੀਗੇਟਾਂ ਦੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਖੰਨਾ ਨੇ ਮੁਲਾਜ਼ਮ ਹਿੱਤਾਂ ਦੀ ਪਹਿਰੇਦਾਰੀ ਲਈ ਵੱਡੀ ਲਾਮਬੰਦੀ ਕਰਕੇ ਮਜ਼ਬੂਤ ਇਰਾਦੇ ਨਾਲ ਸੰਘਰਸ਼ਾਂ ਦੀ ਅਗਵਾਈ ਕਰਨ ਦਾ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ।