ਵਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਈਰਾਨ ਨਾਲ ਚੱਲ ਰਹੀ ਜੰਗ ਦੇ ਹਾਲਾਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਬੁੱਧਵਾਰ ਤੱਕ ਜੰਗ ਨੂੰ ਪੱਕੇ ਤੌਰ ‘ਤੇ ਖ਼ਤਮ ਕਰਨ ਲਈ ਕੋਈ ਲੰਮੇ ਸਮੇਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਦਾ, ਤਾਂ ਉਹ ਮੌਜੂਦਾ ਜੰਗਬੰਦੀ ਨੂੰ ਖ਼ਤਮ ਕਰ ਸਕਦੇ ਹਨ। ਫੀਨਿਕਸ (ਏਰੀਜ਼ੋਨਾ) ਤੋਂ ਵਾਸ਼ਿੰਗਟਨ ਪਰਤਦੇ ਸਮੇਂ ‘ਏਅਰ ਫੋਰਸ ਵਨ’ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਹੁਣ ਹੋਰ ਉਡੀਕ ਕਰਨ ਦੇ ਮੂਡ ਵਿੱਚ ਨਹੀਂ। ਰਾਸ਼ਟਰਪਤੀ ਟਰੰਪ ਨੇ ਕਿਹਾ, ‘ਸ਼ਾਇਦ ਮੈਂ ਜੰਗਬੰਦੀ ਦੀ ਮਿਆਦ ਨੂੰ ਹੋਰ ਨਾ ਵਧਾਵਾਂ ਤੇ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਲਗਾਤਾਰ ਜਾਰੀ ਰਹੇਗੀ। ਉਨ੍ਹਾ ਬੇਹੱਦ ਸਖ਼ਤ ਲਹਿਜੇ ਵਿੱਚ ਕਿਹਾ, ‘ਸਾਡੇ ਕੋਲ ਘੇਰਾਬੰਦੀ ਦੀ ਤਾਕਤ ਹੈ ਅਤੇ ਬਦਕਿਸਮਤੀ ਨਾਲ ਸਾਨੂੰ ਦੁਬਾਰਾ ਬੰਬ ਸੁੱਟਣੇ ਸ਼ੁਰੂ ਕਰਨੇ ਪੈ ਸਕਦੇ ਹਨ।”ਟਰੰਪ ਦੇ ਇਸ ਬਿਆਨ ਨੇ ਖਾੜੀ ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਵਿੱਚ ਚਿੰਤਾ ਵਧਾ ਦਿੱਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਦੋਵਾਂ ਧਿਰਾਂ ਵਿਚਾਲੇ ਅਗਲੇ ਦਿਨਾਂ ਦੌਰਾਨ ਸੰਭਾਵਤ ਗੱਲਬਾਤ ‘ਤੇ ਟਿਕੀਆਂ ਹੋਈਆਂ ਹਨ। ਟਰੰਪ ਅਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵਿਸ਼ਵ ਵਪਾਰ ਲਈ ਅਹਿਮ ਹੋਰਮੁਜ਼ ਜਲਡਮਰੂ ਨੂੰ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਇਹ ਫੈਸਲਾ ਲੈਬਨਾਨ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਲਿਆ ਗਿਆ ਹੈ। ਜਲ ਮਾਰਗ ਖੁੱਲ੍ਹਣ ਦੀ ਖ਼ਬਰ ਨਾਲ ਕੱਚੇ ਤੇਲ ਦੀਆਂ ਕੀਮਤਾਂ 9 ਫੀਸਦੀ ਡਿੱਗ ਗਈਆਂ ਹਨ। ਵਾਲ ਸਟਰੀਟ (ਅਮਰੀਕੀ ਸ਼ੇਅਰ ਬਾਜ਼ਾਰ) ਨੇ ਨਵਾਂ ਰਿਕਾਰਡ ਕਾਇਮ ਕੀਤਾ।
ਈਰਾਨ ਨੇ ਹਾਰਮੁਜ਼ ਜਲ ਮਾਰਗ ਨੂੰ ਮੁੜ ਤੋਂ ਖੋਲ੍ਹਣ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਈਰਾਨੀ ਬੰਦਰਗਾਹਾਂ ‘ਤੇ ਅਮਰੀਕੀ ਘੇਰਾਬੰਦੀ ਲਾਗੂ ਰਹੇਗੀ, ਉਹ ਇਸ ਬਹੁਤ ਮਹੱਤਵਪੂਰਨ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਨੂੰ ਰੋਕਣਾ ਜਾਰੀ ਰੱਖੇਗਾ। ਸਨਿੱਚਰਵਾਰ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਉਦੋਂ ਤੱਕ ਪੂਰੀ ਤਰ੍ਹਾਂ ਲਾਗੂ ਰਹੇਗੀ, ਜਦੋਂ ਤੱਕ ਈਰਾਨ ਅਮਰੀਕਾ ਨਾਲ ਆਪਣੇ ਪਰਮਾਣੂ ਪ੍ਰੋਗਰਾਮ ਸਮੇਤ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਜਾਂਦਾ। ਈਰਾਨ ਨੇ ਸ਼ੁੱਕਰਵਾਰ ਨੂੰ ਵਪਾਰਕ ਜਹਾਜ਼ਾਂ ਲਈ ਹਾਰਮੁਜ਼ ਜਲ ਮਾਰਗ ਖੋਲ੍ਹਿਆ ਸੀ।




