ਲੈਨਿਨ ਦੇ ਜਨਮ ਦਿਨ ਮੌਕੇ ਮੋਗਾ ‘ਚ ਸਿਧਾਂਤਕ ਸਕੂਲਾਂ ਦਾ ਆਗਾਜ਼

0
5

ਮੋਗਾ (ਇਕਬਾਲ ਸਿੰਘ ਖਹਿਰਾ) ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵੱਲੋਂ 22 ਅਪ੍ਰੈਲ ਲੈਨਿਨ ਦੇ ਜਨਮ ਦਿਨ ਤੋਂ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਸਮਰਪਤ ਪੰਦਰਵਾੜੇ ਦੀ ਸ਼ੁਰੂਆਤ ਸਿਧਾਂਤਕ ਵਿਚਾਰ-ਚਰਚਾ ਨਾਲ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕੀਤੀ ਗਈ। ਇਸ ਸਿਧਾਂਤਕ ਵਿਚਾਰ-ਚਰਚਾ ਦੀ ਪ੍ਰਧਾਨਗੀ ਜਗਦੀਸ਼ ਸਿੰਘ ਚਾਹਲ ਵੱਲੋਂ ਕੀਤੀ ਗਈ । ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਅੱਜ ਲੈਨਿਨ ਦੇ ਜਨਮ ਦਿਨ ‘ਤੇ ਆਪਾਂ ਇਸ ਪੰਦਰਵਾੜੇ ਦੀ ਸ਼ੁਰੂਆਤ ਕਰ ਰਹੇ ਹਾਂ। ਅੱਜ ਤੋਂ ਲੈ ਕੇ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਬਲਾਕਾਂ ਵਿੱਚ ਇਹ ਸਿਧਾਂਤਕ ਵਿਚਾਰ-ਚਰਚਾਵਾਂ ਲਗਾਤਾਰ ਕੀਤੀਆਂ ਜਾਣਗੀਆਂ। ਉਨ੍ਹਾ ਆਏ ਹੋਏ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡਾਂ ਵਿੱਚ, ਬਲਾਕਾਂ ਵਿੱਚ ਇਨ੍ਹਾਂ ਸਿਧਾਂਤਕ ਸਕੂਲਾਂ ਦੀ ਸ਼ੁਰੂਆਤ ਕਰੀਏ।ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਡਾਕਟਰ ਇੰਦਰਵੀਰ ਗਿੱਲ ਜ਼ਿਲ੍ਹਾ ਮੀਤ ਸਕੱਤਰ ਨੇ ਲੈਨਿਨ ਦੀ ਜੀਵਨੀ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਅੱਜ ਸੰਸਾਰ ਪ੍ਰਸਿੱਧ ਮਾਰਕਸਵਾਦੀ ਦਾਰਸ਼ਨਿਕ ਅਤੇ ਸਮਾਜਵਾਦੀ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਵਲਾਦੀਮੀਰ ਇਲੀਇਚ ਲੈਨਿਨ ਦਾ 156ਵਾਂ ਜਨਮ ਦਿਨ ਹੈ।ਸੰਸਾਰ ਭਰ ਵਿੱਚ ਸਮੁੱਚਾ ਮਜ਼ਦੂਰ ਵਰਗ ਹਰ ਵਰ੍ਹੇ ਉਸ ਨੂੰ ਯਾਦ ਕਰਦਾ ਹੈ। ਆਗੂ, ਜਿਸ ਨੇ ਜ਼ੁਲਮ ਅਤੇ ਸ਼ੋਸ਼ਣ ਦੇ ਖ਼ਿਲਾਫ਼ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ।ਉਸ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਉਂਦੇ ਹੋਏ ਮਜ਼ਦੂਰਾਂ ਤੇ ਗਰੀਬਾਂ ਦੇ ਹੱਕਾਂ ਲਈ ਨਾ ਸਿਰਫ਼ ਸੰਘਰਸ਼ ਕੀਤਾ, ਸਗੋਂ ਸੰਘਰਸ਼ ਨੂੰ ਅੰਤਮ ਮੁਕਾਮ ‘ਤੇ ਪੁਚਾ ਕੇ ਰੂਸ ਵਿੱਚ ਮਜ਼ਦੂਰ ਜਮਾਤ ਅਤੇ ਕਿਸਾਨਾਂ ਦਾ ਰਾਜ ਸਥਾਪਤ ਕੀਤਾ। ਉਨ੍ਹਾ ਕਿਹਾ ਕਿ ਅਕਤੂਬਰ ਸਮਾਜਵਾਦੀ ਇਨਕਲਾਬ ਨੇ ਮਨੁੱਖੀ ਇਤਿਹਾਸ ਵਿੱਚ ਨਾ ਸਿਰਫ਼ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ, ਸਗੋਂ ਦੁਨੀਆ ਭਰ ਵਿੱਚ ਮਜ਼ਦੂਰ ਜਮਾਤ ਨੂੰ ਆਪਣੇ ਹਿੱਤਾਂ ਅਤੇ ਹੱਕਾਂ ਵਾਸਤੇ ਸੰਘਰਸ਼ ਦੇ ਨਾਲ ਨਾਲ ਕੌਮੀ ਆਜ਼ਾਦੀ ਘੋਲਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਤਾਕਤ ਦਿੱਤੀ।ਇਸ ਸਿਧਾਂਤਕ ਵਿਚਾਰ-ਚਰਚਾ ਵਿੱਚ ਸੁਖਜਿੰਦਰ ਮਹੇਸਰੀ, ਸਵਰਨ ਸਿੰਘ ਖੋਸਾ, ਗੁਰਮੇਲ ਨਾਹਰ, ਦਰਸ਼ਨ ਲਾਲ, ਬੂਟਾ ਸਿੰਘ ਭੱਟੀ, ਮਾਸਟਰ ਭੁਪਿੰਦਰ ਸਿੰਘ ਸੇਖੋਂ, ਹਰਪ੍ਰੀਤ ਬਾਵਾ, ਕਰਮਵੀਰ ਬੱਧਨੀ, ਜਗਸੀਰ ਖੋਸਾ, ਜਸਪ੍ਰੀਤ ਬੱਧਨੀ, ਹਰਬੰਸ ਸਾਗਰ, ਪੁਖਰਾਜ, ਜਿੰਦਰ ਚੜਿੱਕ, ਰਾਜਵੀਰ ਕੌਰ ਤੇ ਹਰਮਨ ਤਖਾਣਵੱਧ ਨੇ ਹਿੱਸਾ ਲਿਆ