ਜਲੰਧਰ : ਦੁਨੀਆ ਭਰ ਦੇ ਲੋਕਾਂ ਅੱਗੇ ਅਮਲੀ ਤੌਰ ‘ਤੇ ਮਾਰਕਸੀ ਫ਼ਲਸਫ਼ੇ ਨੂੰ ਲਾਗੂ ਕਰਨ, ਸਮਾਜਵਾਦੀ, ਅੱਗੇ ਚੱਲ ਕੇ ਜਮਾਤ ਰਹਿਤ ਕਮਿਊਨਿਜ਼ਮ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਰੇ ਦੇ ਮਾਰਗ-ਦਰਸ਼ਕ, ਚਿੰਤਕ ਅਤੇ ਮਜ਼ਦੂਰ ਜਮਾਤ ਦੇ ਰਾਜ ਦੇ ਸੰਸਥਾਪਕ ਵਲਾਦੀਮੀਰ ਇਲੀਚ ਲੈਨਿਨ ਦੇ ਜਨਮ ਦਿਹਾੜੇ (22 ਅਪ੍ਰੈਲ 1870) ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਵਿਸ਼ੇਸ਼ ਕਰਕੇ ਵਿਦਿਆਰਥੀਆਂ, ਨੌਜਵਾਨਾਂ ਨਾਲ ਵਿਚਾਰ-ਚਰਚਾ ਕੀਤੀ ਗਈ। ਅਜੋਕੇ ਸਮੇਂ ਦੇ ਤਿੱਖੜੇ ਮੁੱਦਿਆਂ ਅਤੇ ਵਿਗਿਆਨਕ ਚੇਤਨਾ ‘ਤੇ ਨਿਰੰਤਰ ਮੁਹਿੰਮ ‘ਤੇ ਜੋਰ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ (ਡਾ.), ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਵਿਚਾਰ-ਚਰਚਾ ‘ਚ ਨੌਜਵਾਨ ਪੀੜ੍ਹੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੇ ਕੌਮਾਂਤਰੀ ਹਾਲਾਤ ਅੰਦਰ ਜੰਗਬਾਜ਼, ਫ਼ਿਰਕੂ ਫਾਸ਼ੀ, ਨਸਲਘਾਤੀ ਧਾੜਵੀ ਸੰਸਾਰ ਭਰ ਦੇ ਕੁਦਰਤੀ ਮਾਲ ਖ਼ਜ਼ਾਨਿਆਂ ਨੂੰ ਹੜੱਪਣ ਲਈ ਹਲ਼ਕੇ ਫ਼ਿਰਦੇ ਕਾਰਪੋਰੇਟ ਘਰਾਣਿਆਂ ਦੇ ਰਾਜਨੀਤਕ ਸੇਵਾਦਾਰ ਸਥਾਪਤ ਕਾਇਦੇ ਕਾਨੂੰਨਾਂ ਦੀ ਮਿੱਟੀ ਪਲੀਤ ਕਰਕੇ ਰਾਜਭਾਗ ਦਾ ਸ਼ਿਕੰਜਾ ਕੱਸਣ ਲਈ ਜੰਗਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰ ਅੰਦਰ ਲੈਨਿਨ ਦੀ ਵਿਧਾਰਧਾਰਾ, ਸਿੱਖਿਆਵਾਂ ਅਤੇ ਨੀਤੀਆਂ ਦੀ ਪ੍ਰਸੰਗਕਤਾ ਹੋਰ ਵੀ ਉਘੜ ਕੇ ਸਾਹਮਣੇ ਆ ਰਹੀ ਹੈ।
ਬੁਲਾਰਿਆਂ ਕਿਹਾ ਕਿ ਫ਼ਲਸਤੀਨੀ ਲੋਕਾਂ ਦਾ ਨਸਲਘਾਤ, ਉਹਨਾਂ ਦੀ ਧਰਤੀ ਹੜੱਪਣ, ਈਰਾਨ, ਲਿਬਨਾਨ, ਵੈਨੇਜ਼ੁਏਲਾ ਆਦਿ ਮੁਲਕਾਂ ਉਪਰ ਹਮਲੇ, ਸਿੱਧੀ ਦਖ਼ਲ-ਅੰਦਾਜ਼ੀ, ਸਮੁੰਦਰਾਂ ਨੂੰ ਅੱਗ ਦੇ ਹਵਾਲੇ ਕਰਨ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ਤੱਕ ਨੂੰ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਉਣਾ, ਅੱਜ ਲੈਨਿਨ ਦਾ ਜਨਮ ਦਿਹਾੜਾ ਇਹਨਾਂ ਜਟਿਲ ਕੌਮੀ ਅਤੇ ਕੌਮਾਂਤਰੀ ਹਾਲਤਾਂ ਵਿੱਚ ਮਜ਼ਦੂਰ ਜਮਾਤ ਦੇ ਫਲਸਫ਼ੇ ਅਤੇ ਲੋਕਾਂ ਦੇ ਵਿਸ਼ਾਲ ਮਜ਼ਬੂਤ ਕਿਲ੍ਹੇ ਦੀ ਮੰਗ ਕਰਦਾ ਹੈ। ਇਸ ਮੌਕੇ ਅਤਿਅੰਤ ਪ੍ਰਸੰਗਕ ਲੈਨਿਨ ਦੇ ਚੋਣਵੇਂ ਕਥਨ, ਸਾਹਿਤ ਅਤੇ ਕਲਾ ਦੇ ਖੇਤਰ ਪੱਖੋਂ ਸ਼ਿਵ ਕੁਮਾਰ ਬਟਾਲਵੀ ਦੀ ਲੈਨਿਨ ਦੇ ਨਾਂਅ ਕਵਿਤਾ ਅਤੇ ਉਦਾਸੀ ਦਾ ਲੈਨਿਨ ਦਾ ਨਾਂਅ ਗੀਤ ‘ਵੇ ਸੱਜਣਾ! ਸੂਹਾ-ਸੂਹਾ ਤੇਰਾ ਵੇ ਗਰਾਂ’ ਹਵਾਲੇ ਦਾ ਨੁਕਤਾ ਬਣੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਵਿਚਾਰ-ਚਰਚਾ ਮੌਕੇ ਸਭਨਾਂ ਸੁਹਿਰਦ ਸੰਭਾਵੀ ਲੋਕ ਹਿਤੈਸ਼ੀ ਸੰਸਥਾਵਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਲੈਨਿਨ ਦੀਆਂ ਸਿੱਖਿਆਵਾਂ ਨੂੰ ਅਜੋਕੇ ਸਰੋਕਾਰਾਂ ਨਾਲ ਸੁਮੇਲ ਕਰਦੇ ਹੋਏ ਖਾਸ ਕਰਕੇ ਨੌਜਵਾਨ ਵਰਗ ਵਿੱਚ ਸਿੱਖਿਆ ਕੈਂਪ ਆਯੋਜਿਤ ਕਰਨ, ਇਹ ਚਿੰਤਨ ਲਹਿਰ ਹਨੇਰੇ ਕਾਲ਼ੇ ਦੌਰ ਅੰਦਰ ਚਾਨਣ ਦੀ ਇੱਕ ਲੀਕ ਦਾ ਕੰਮ ਕਰੇਗੀ।





