ਲੁਧਿਆਣਾ : ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ (ਮੋਡਸ ਓਪਰੇਂਡੀ) ਵਰਤਿਆ ਹੈ, ਜਿਸ ਰਾਹੀਂ ਪਿਛਲੇ ਸਾਲ ਦਸੰਬਰ ਵਿੱਚ ਸਾਬਕਾ ਆਈ ਜੀ ਅਮਰ ਸਿੰਘ ਚਾਹਲ ਤੋਂ 8.10 ਕਰੋੜ ਰੁਪਏ ਠੱਗੇ ਗਏ ਸਨ। ਇਸ ਠੱਗੀ ਵਿੱਚ ਇੱਕ ਵਪਾਰਕ ਪਲੇਟਫਾਰਮ ਦੀ ਨਕਲੀ ਵੈੱਬਸਾਈਟ ਅਤੇ ਇੱਕ ਫਰਜ਼ੀ ਡਿਜੀਟਲ ਡੈਸ਼ਬੋਰਡ ਤਿਆਰ ਕੀਤਾ ਗਿਆ ਸੀ, ਜੋ ਰੋਜ਼ਾਨਾ ਦੇ ਵਪਾਰ ਅਤੇ ਫਰਜ਼ੀ ਭਾਰੀ ਮੁਨਾਫਾ ਦਿਖਾਉਂਦਾ ਸੀ।
ਐੱਫ ਆਈ ਆਰ ਅਨੁਸਾਰ ਉਦਯੋਗਪਤੀ ਜਗਦੀਪ ਸਿੰਘਲ ਤੋਂ ਕੁੱਲ 19,84,30,000 ਰੁਪਏ ਠੱਗੇ ਗਏ। ਇਹ ਰਕਮ 15 ਮਈ 2025 ਤੋਂ 20 ਨਵੰਬਰ 2025 ਦੇ ਵਿਚਕਾਰ 15 ਵੱਖ-ਵੱਖ ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ। ਹੈਰਾਨੀ ਦੀ ਗੱਲ ਹੈ ਕਿ 17 ਤੋਂ 20 ਨਵੰਬਰ ਦੇ ਸਿਰਫ ਚਾਰ ਦਿਨਾਂ ਵਿੱਚ ਹੀ ਜਗਦੀਪ ਨੇ 5 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਨ੍ਹਾਂ ਖਾਤਿਆਂ ਵਿੱਚ ਪਾਈ। ਠੱਗਾਂ ਨੇ ਦਿੱਲੀ, ਮੁੰਬਈ, ਮਹਾਰਾਸ਼ਟਰ, ਗੁਜਰਾਤ, ਪੰਜਾਬ ਅਤੇ ਬੇਂਗਲੁਰੂ ਵਿੱਚ ਫੈਲੇ ‘ਮਿਊਲ’ ਖਾਤਿਆਂ ਦੇ ਨੈੱਟਵਰਕ ਦੀ ਵਰਤੋਂ ਕੀਤੀ। ਆਈ ਡੀ ਐੱਫ ਸੀ ਬੈਂਕ ਦੇ 19 ਖਾਤਿਆਂ ਵਿੱਚ 5.14 ਕਰੋੜ ਰੁਪਏ, ਆਈ ਸੀ ਆਈ ਸੀ ਆਈ ਬੈਂਕ ਦੇ 15 ਖਾਤਿਆਂ ਵਿੱਚ 5.23 ਕਰੋੜ ਰੁਪਏ, ਬੈਂਕ ਆਫ ਬੜੌਦਾ ਦੇ 13 ਖਾਤਿਆਂ ਵਿੱਚ 3.39 ਕਰੋੜ ਰੁਪਏ, ਐਕਸਿਸ ਬੈਂਕ ਦੇ 8 ਖਾਤਿਆਂ ਵਿੱਚ 1.88 ਕਰੋੜ ਰੁਪਏ ਪੁਆਏ ਗਏ। ਹੋਰ ਕਈ ਨਿੱਜੀ ਤੇ ਸਰਕਾਰੀ ਬੈਂਕਾਂ ਦੇ ਖਾਤਿਆਂ ਵਿੱਚ ਵੀ ਪੈਸੇ ਪੁਆਏ ਗਏ। ਜਗਦੀਪ ਨੇ ਦੱਸਿਆ ਕਿ ਉਸ ਨੂੰ ਫੇਸਬੁੱਕ ਰਾਹੀਂ ਲਾਲਚ ਦਿੱਤਾ ਗਿਆ ਅਤੇ ਬਾਅਦ ਵਿੱਚ ‘ਅਨਾਮਿਕਾ ਰਾਏ’ ਨਾਂਅ ਦੀ ਔਰਤ ਨੇ ਵਟਸਐਪ ਰਾਹੀਂ ਸੰਪਰਕ ਕੀਤਾ। ਉਸ ਨੇ ਕ੍ਰਿਪਟੋ ਐਕਸਚੇਂਜ ਦੀ ਪ੍ਰਤੀਨਿਧੀ ਬਣ ਕੇ ਪਹਿਲਾਂ ਭਰੋਸਾ ਜਿੱਤਿਆ ਅਤੇ ਫਿਰ ਨਿਵੇਸ਼ ਦੇ ਮੌਕਿਆਂ ਬਾਰੇ ਦੱਸਿਆ। ਜਦੋਂ ਜਗਦੀਪ ਨੇ ਨਿਵੇਸ਼ ਸ਼ੁਰੂ ਕੀਤਾ ਤਾਂ ਨਕਲੀ ਵੈੱਬਸਾਈਟ ‘ਤੇ ਉਸ ਦਾ ਮੁਨਾਫਾ 43 ਲੱਖ ਡਾਲਰ ਤੋਂ ਵੱਧ ਦਿਖਾਇਆ ਜਾਣ ਲੱਗਾ, ਜਿਸ ਕਾਰਨ ਉਸ ਨੇ ਹੋਰ ਪੈਸੇ ਜਮ੍ਹਾਂ ਕਰਵਾ ਦਿੱਤੇ। ਅੰਤ ਵਿੱਚ ਠੱਗਾਂ ਨੇ ਟੈਕਸ ਅਤੇ ‘ਗ੍ਰੀਨ ਚੈਨਲ’ ਫੀਸ ਦੇ ਨਾਂਅ ‘ਤੇ ਹੋਰ ਕਰੋੜਾਂ ਰੁਪਏ ਦੀ ਮੰਗ ਕੀਤੀ। ਪੁਲਸ ਨੇ ਇਸ ਨੂੰ ਸੂਬੇ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਸਕੈਮਾਂ ਵਿੱਚੋਂ ਇੱਕ ਦੱਸਿਆ ਹੈ।




