ਬੱਸ ਪਹਾੜੀ ਤੋਂ ਡਿੱਗੀ, 7 ਮੌਤਾਂ

0
6

ਧਰਮਸ਼ਾਲਾ : ਚੰਬਾ ਜ਼ਿਲ੍ਹੇ ਦੇ ਚੁਰਾਹ ਉਪ ਮੰਡਲ ਵਿੱਚ ਸ਼ਨੀਵਾਰ ਤੜਕੇ ਬੈਰਾਗੜ੍ਹ-ਚੰਬਾ ਰੂਟ ‘ਤੇ ਜਾ ਰਹੀ ਇੱਕ ਨਿੱਜੀ ਬੱਸ ਦੇ ਸੜਕ ਤੋਂ ਖਿਸਕ ਕੇ ਹੇਠਾਂ ਵਾਲੀ ਸੜਕ ‘ਤੇ ਡਿੱਗਣ ਕਾਰਨ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬੈਰਾਗੜ੍ਹ ਤੋਂ ਚੰਬਾ ਵੱਲ ਜਾ ਰਹੀ ਬੱਸ ਚਲੁੰਜ ਮੋੜ ਨੇੜੇ ਹਾਦਸਾਗ੍ਰਸਤ ਹੋ ਗਈ। ਬੱਸ ਦੇ ਪਲਟ ਜਾਣ ਕਾਰਨ ਕਈ ਯਾਤਰੀ ਮਲਬੇ ਹੇਠਾਂ ਫਸ ਗਏ। ਬਚਾਅ ਟੁਕੜੀਆਂ ਅਤੇ ਸਥਾਨਕ ਨਿਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਲਟੀ ਹੋਈ ਬੱਸ ਨੂੰ ਚੁੱਕਣ ਅਤੇ ਮਲਬੇ ਹੇਠੋਂ ਯਾਤਰੀਆਂ ਨੂੰ ਬਚਾਉਣ ਲਈ ਜੇ ਸੀ ਬੀ (ਬੈਕਹੋ ਲੋਡਰ) ਤਾਇਨਾਤ ਕੀਤੇ ਗਏ ਹਨ। ਬਚਾਅ ਕਾਰਜ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਅਤੇ ਜ਼ਖ਼ਮੀਆਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜ਼ਖ਼ਮੀਆਂ ਨੂੰ ਨੇੜਲੇ ਸਿਹਤ ਕੇਂਦਰਾਂ ਵਿੱਚ ਪਹੁੰਚਾ ਦਿੱਤਾ ਗਿਆ ਹੈ। ਕਈ ਲੋਕਾਂ ਦੀ ਹਾਲਤ ਗੰਭੀਰ ਦੱਸੇ ਜਾਣ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਚੁਰਾਹ ਦੇ ਵਿਧਾਇਕ ਹੰਸ ਰਾਜ ਨੇ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।