ਮੋਹਾਲੀ : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ, ਜਿਸ ਤਹਿਤ ਸ਼ਨੀਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿੱਚ 866 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਸਾਢੇ ਚਾਰ ਸਾਲਾਂ ਵਿੱਚ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਕੁੱਲ ਗਿਣਤੀ 69,094 ਹੋ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆਵਾਂ ਨੇ ਪੁਰਾਣੀਆਂ ਰਵਾਇਤਾਂ ਜਦੋਂ ਸਰਕਾਰੀ ਨੌਕਰੀ ਲੈਣ ਲਈ ਪੈਸੇ ਅਤੇ ਸਿਫ਼ਾਰਸ਼ ਨੂੰ ਅਸਲ ਯੋਗਤਾ ਮੰਨਿਆ ਜਾਂਦਾ ਸੀ, ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਿਸਟਮ ਵਿੱਚ ਨੌਜਵਾਨਾਂ ਦਾ ਵਧ ਰਿਹਾ ਭਰੋਸਾ ਅਤੇ ਵਿਦੇਸ਼ਾਂ ਵੱਲ ਪਰਵਾਸ ਦਾ ਘਟਦਾ ਰੁਝਾਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਨੌਜਵਾਨਾਂ ਨੂੰ ਸੂਬੇ ਵਿੱਚ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਮੈਰਿਟ ਅਧਾਰਤ ਭਰਤੀ ਪ੍ਰਕਿਰਿਆਵਾਂ ਰਾਹੀਂ ਨੌਕਰੀਆਂ ਮਿਲ ਰਹੀਆਂ ਹਨ। ਸਿੱਖਿਆ ਵਿੱਚ ਪੰਜਾਬ ਦੀ ਪ੍ਰਗਤੀ ਨੂੰ ਉਜਾਗਰ ਕਰਦਿਆਂ ਉਨ੍ਹਾ ਕਿਹਾ ਕਿ ਸੂਬੇ ਨੇ ਕੇਰਲਾ ਨੂੰ ਪਛਾੜ ਕੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ (ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ) ਪਾਸ ਕਰ ਕੇ ਇਸ ਤਬਦੀਲੀ ‘ਤੇ ਮੋਹਰ ਲਾਈ ਹੈ।ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 866 ਨਿਯੁਕਤੀਆਂ ਵਿੱਚ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ 636 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਵਿੱਚ 614 ਸਟਾਫ਼ ਨਰਸਾਂ ਅਤੇ ਹੋਰ ਸਟਾਫ਼ ਸ਼ਾਮਲ ਹੈ, ਜਿਸ ਵਿੱਚ 03 ਫਾਰਮਾਸਿਸਟ, 13 ਮਲਟੀਪਰਪਜ਼ ਹੈੱਲਥ ਵਰਕਰ (ਪੁਰਸ਼), 2 ਵਾਰਡ ਅਟੈਂਡੈਂਟ, 1 ਦਰਜ-ਚਾਰ ਕਰਮਚਾਰੀ ਅਤੇ 3 ਸਵੀਪਰ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੂਗਰਫੈੱਡ ਵਿੱਚ 101 ਜੂਨੀਅਰ ਆਡੀਟਰ ਵਜੋਂ ਵਿੱਤ ਵਿਭਾਗ ‘ਚ 57 ਉਮੀਦਵਾਰ, ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ 51, ਸਹਿਕਾਰਤਾ ਵਿਭਾਗ ਵਿੱਚ 11 ਅਤੇ ਗ੍ਰਹਿ ਵਿਭਾਗ ਵਿੱਚ ਲਾਅ ਅਫਸਰ ਵਜੋਂ 10 ਉਮੀਦਵਾਰ ਨਿਯੁਕਤ ਕੀਤੇ ਗਏ ਹਨ।ਪਾਰਦਰਸ਼ੀ ਭਰਤੀ ਦੇ ਸਾਰਥਕ ਪ੍ਰਭਾਵ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ, ਜਿਸ ਨਾਲ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਖਤਰਾ ਪੈਦਾ ਹੋ ਗਿਆ ਪਰ, ਅਸੀਂ 2022 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਸ ਰੁਝਾਨ ਨੂੰ ਪੁੱਠਾ ਗੇੜ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦਿਆਂ ਸਾਡੀ ਸਰਕਾਰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਫ਼ਲ ਰਹੀ ਹੈ।ਬੁਨਿਆਦੀ ਢਾਂਚੇ ਦੇ ਨਵੀਨੀਕਰਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ“ਸਰਕਾਰੀ ਸਕੂਲਾਂ ਵਿੱਚ ਨਵੇਂ ਫਰਨੀਚਰ, ਆਈ ਟੀ ਅਧਾਰਤ ਅਧਿਆਪਨ ਮਡਿਊਲ, ਪੂਰੀ ਤਰ੍ਹਾਂ ਲੈਸ ਲਾਇਬ੍ਰੇਰੀਆਂ ਅਤੇ ਸੈਨੀਟੇਸ਼ਨ ਸਹੂਲਤਾਂ ਦੇ ਰੂਪ ਵਿੱਚ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਦੀਆਂ ਵਿਕਾਸ ਸੰਬੰਧੀ ਲੋੜਾਂ ਦਾ ਧਿਆਨ ਰੱਖਣ ਲਈ ਕੈਂਪਸ ਮੈਨੇਜਰ ਵੀ ਨਿਯੁਕਤ ਕੀਤੇ ਗਏ ਹਨ।”ਪੰਜਾਬ ਦੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਆਏ ਬਦਲਾਅ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਜਦੋਂ ਮੈਂ ਅਹੁਦਾ ਸੰਭਾਲਿਆ ਸੀ, ਉਦੋਂ ਸਕੂਲ ਸਿੱਖਿਆ ਵਿੱਚ ਸੂਬਾ 27ਵੇਂ ਸਥਾਨ ‘ਤੇ ਸੀ। ਇਹ ਸਾਡੇ ਲਈ ਬਹੁਤ ਮਾਣਮੱਤੀ ਅਤੇ ਤਸੱਲੀ ਗੱਲ ਹੈ ਕਿ ਅੱਜ ਪੰਜਾਬ ਇਸ ਖੇਤਰ ਵਿੱਚ ਮੋਹਰੀ ਹੈ।’ ਆਮ ਪਰਵਾਰਾਂ ਦੇ ਬੱਚਿਆਂ ਲਈ ਬਰਾਬਰ ਮੌਕਿਆਂ ਬਾਰੇ ਬੋਲਦਿਆਂ ਉਨ੍ਹਾ ਕਿਹਾ ਕਿ “ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਠੋਸ ਯਤਨ ਕਰ ਰਹੀ ਹੈ। ਸਰਕਾਰ ਦੀਆਂ ਪਹਿਲਕਦਮੀਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਹੋਰਨਾਂ ਦੇ ਬਰਾਬਰ ਉਤਮਤਾ ਪ੍ਰਾਪਤ ਕਰਨ ਦੇ ਮੌਕੇ ਮਿਲਣ। ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ“ਧੀਆਂ ਸਿੱਖਿਆ ਅਤੇ ਮੁਕਾਬਲਾ ਪ੍ਰੀਖਿਆਵਾਂ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ।
ਨਵ-ਨਿਯੁਕਤ ਨੌਜਵਾਨਾਂ ਨੂੰ ਨਿਮਰ ਰਹਿਣ ਦੀ ਤਾਕੀਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ—ਤੁਸੀਂ ਇਨ੍ਹਾਂ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਅੱਧੀ-ਅੱਧੀ ਰਾਤ ਤੱਕ ਜਾਗ ਕੇ ਸਖ਼ਤ ਮਿਹਨਤ ਕੀਤੀ ਹੈ, ਉਸੇ ਤਰ੍ਹਾਂ ਹੁਣ ਨੌਕਰੀ ਵਿੱਚ ਕਾਰਗੁਜ਼ਾਰੀ ਦਿਖਾਉਣ ਦਾ ਸਮਾਂ ਹੈ। ਉਚੀਆਂ ਨੌਕਰੀਆਂ ਅਤੇ ਵੱਡੀ ਸਫਲਤਾ ਲਈ ਯਤਨਸ਼ੀਲ ਰਹੋ, ਪਰ ਆਪਣੀ ਪ੍ਰਾਪਤੀ ‘ਤੇ ਮਾਣ ਨਾ ਕਰੋ। ਨਿਮਰ ਰਹੋ, ਜ਼ਮੀਨ ਨਾਲ ਜੁੜੇ ਰਹੋ ਅਤੇ ਸਖ਼ਤ ਮਿਹਨਤ ਕਰਦੇ ਰਹੋ।”


