ਅਜੇ ਰੋਕਾ ਨਹੀਂ : ਗੁਜਰਾਲ

0
7

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਹਾਲੀਆ ਮੁਲਾਕਾਤ ‘ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਨਾਲ Îਮੁੜ ਚੋਣ ਗਠਜੋੜ ਤੋਂ ਇਨਕਾਰ ਨਹੀਂ ਕੀਤਾ, ਹਾਲਾਂ ਕਿ ਉਨ੍ਹਾ ਇਸ ਮੁਲਾਕਾਤ ਨੂੰ ਗਠਜੋੜ ਦਾ ਪੱਕਾ ਫ਼ੈਸਲਾ ਨਾ ਮੰਨਦਿਆਂ ਇਸ ਨੂੰ ‘ਮੂੰਹ ਦਿਖਾਈ, ਰੋਕਾ ਨਹੀਂ’ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਜਰਾਲ ਨੇ ਕਿਹਾ ਕਿ ਇਸ ਮੀਟਿੰਗ ਦਾ ਸਪੱਸ਼ਟ ਸੰਕੇਤ ਇਹ ਹੈ ਕਿ ਦੋਵੇਂ ਪੁਰਾਣੀਆਂ ਭਾਈਵਾਲ ਪਾਰਟੀਆਂ ਵਿਚਾਲੇ ਲੰਮੇ ਸਮੇਂ ਤੋਂ ਬੰਦ ਪਏ ਦਰਵਾਜ਼ੇ ਹੁਣ ਥੋੜ੍ਹੇ ਜਿਹੇ ਖੁੱਲ੍ਹ ਗਏ ਹਨ। ਗੁਜਰਾਲ ਨੇ ਕਿਹਾ ਕਿ ਦੋਵਾਂ ਚੋਟੀ ਦੇ ਆਗੂਆਂ ਵਿਚਾਲੇ ਹੋਈ ਇਹ ਗੱਲਬਾਤ ਦਰਸਾਉਂਦੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਸਭ ਤੋਂ ਉਪਰ ਰੱਖਦੇ ਹਨ ਅਤੇ ਚੋਣਾਂ ਤੋਂ ਪਹਿਲਾਂ ਇੱਕ-ਦੂਜੇ ਦੇ ਸਿਆਸੀ ਸਮੀਕਰਨਾਂ ਦਾ ਜਾਇਜ਼ਾ ਲੈਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਭਾਜਪਾ ਭਾਵੇਂ ਸਾਰੀਆਂ ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਦਾਅਵਾ ਕਰ ਰਹੀ ਹੈ, ਪਰ ਅੰਦਰੂਨੀ ਤੌਰ ‘ਤੇ ਪਾਰਟੀ ‘ਚ ਚਿੰਤਾਵਾਂ ਵਧ ਰਹੀਆਂ ਹਨ। ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਧਰਮਿੰਦਰ ਪ੍ਰਧਾਨ ਵੱਲੋਂ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਪਾਰਟੀ ਦਾ ਸਿਆਸੀ ਭਵਿੱਖ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਪੰਜਾਬ ਵਿੱਚ ਸੰਗਠਨਾਤਮਕ ਫੇਰਬਦਲ ਖ਼ਿਲਾਫ਼ ਪਾਰਟੀ ਅੰਦਰ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।